ਅੰਮਿ੍ਤਸਰ, 26 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਸਰਵਹਿਤਕਾਰੀ ਸਿੱਖਿਆ ਸੰਮਿਤੀ ਪੰਜਾਬ ਦੀ ਮੀਟਿੰਗ ਮਾਧਵ ਵਿਦਿਆ ਨਿਕੇਤਨ ਸੀਨੀਅਰ ਸੈਕੰਡਰੀ ਸਕੂਲ ਰਣਜੀਤ ਐਵੀਨਿਊ ਵਿਖੇ ਹੋਈ, ਜਿਸ 'ਚ ਅੰਮਿ੍ਤਸਰ, ਜਲੰਧਰ, ਹੁਸ਼ਿਆਰਪੁਰ ਅਤੇ ਪਠਾਨਕੋਟ ਡਿਵੀਜ਼ਨਾਂ ਦੇ ਪਿ੍ੰਸੀਪਲ ਸ਼ਾਮਲ ਸਨ | ਵਿਦਿਆ ਭਾਰਤੀਯ ਪੰਜਾਬ ਦੇ ਸੰਗਠਨ ਮੰਤਰੀ ਰਾਜੇਂਦਰ ਕੁਮਾਰ ਅਤੇ ਜਨਰਲ ਸਕੱਤਰ ਸੰਦੀਪ ਧੂਡੀਆ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੀਟਿੰਗ 'ਚ ਪਿ੍ੰਸੀਪਲਾਂ ਦੇ ਸਹਿਯੋਗ ਅਤੇ ਵਿਦਿਅਕ ਗੁਣਵੱਤਾ 'ਚ ਸੁਧਾਰ ਕਰਨ ਅਤੇ ਆਧੁਨਿਕ ਸਿੱਖਿਆ ਸਰੋਤਾਂ ਦੀ ਵਰਤੋਂ ਕਰਨ 'ਤੇ ਵਿਸ਼ੇਸ਼ ਧਿਆਨ ਦੇਣ ਨਾਲ, ਇਨ੍ਹਾਂ ਸਕੂਲਾਂ ਦੇ ਸਮੁੱਚੇ ਵਿਕਾਸ ਬਾਰੇ ਮਹੱਤਵਪੂਰਨ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਨਰੇਸ਼ ਪਾਲ ਸੂਬਾਈ ਸਰੀਰਕ ਅਤੇ ਸਮਾਜਿਕ ਮੁਖੀ, ਕਰਮਜੀਤ ਪਰਮਾਰ ਸੂਬਾਈ ਸੇਵਾ ਸਿੱਖਿਆ ਮੁਖੀ, ਵਿਭਾਗ ਸਕੱਤਰ ਅਤੇ ਸੂਬਾਈ ਪ੍ਰਤੀਨਿਧੀ, ਡਾ. ਰਾਜੇਸ਼ ਮਹਾਜਨ, ਸਕੂਲ ਮੈਨੇਜਰ ਕੇ. ਆਰ. ਤੁਲੀ ਅਤੇ ਪਿ੍ੰਸੀਪਲ ਸ੍ਰੀਮਤੀ ਰੀਨਾ ਠਾਕੁਰ ਮੌਜੂਦ ਸਨ | ਇਨ੍ਹਾਂ ਸਾਰੇ ਪਤਵੰਤਿਆਂ ਨੇ ਸਕੂਲ ਦੀ ਪ੍ਰਾਰਥਨਾ ਸਭਾ 'ਚ ਵੀ ਹਿੱਸਾ ਲਿਆ | ਜਨਰਲ ਸਕੱਤਰ ਸੰਦੀਪ ਧੂਡੀਆ ਨੇ ਪ੍ਰਾਰਥਨਾ ਸਭਾ ਦੀ ਗੁਣਵੱਤਾ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਆਪਣੇ ਜੀਵਨ 'ਚ ਕੁਝ ਚੰਗੀਆਂ ਕਦਰਾਂ-ਕੀਮਤਾਂ ਨੂੰ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ |