ਅੰਮਿ੍ਤਸਰ, 26 ਅਪ੍ਰੈਲ (ਹਰਮਿੰਦਰ ਸਿੰਘ)-ਅਮਰ ਸ਼ਹੀਦ ਬਾਬਾ ਦੀਪ ਸਿੰਘ ਨਾਲ ਸੰਬੰਧਿਤ ਪਵਿੱਤਰ ਸਥਾਨ ਗ: ਬਾਬਾ ਦੀਪ ਸਿੰਘ ਸ਼ਹੀਦ (ਸ਼ਹੀਦਗੰਜ ਸਾਹਿਬ) ਚਾਟੀਵਿੰਡ ਚੌਕ ਵਿਖੇ ਹਰ ਸਨਿਚਰਵਾਰ ਰਾਤ ਤੇ ਐਤਵਾਰ ਸਵੇਰੇ ਵੱਡੀ ਗਿਣਤੀ 'ਚ ਸੰਗਤਾਂ ਸ਼ਰਧਾ ਪੂਰਵਕ ਚੌਪਹਿਰਾ ਕੱਟਦੀਆਂ ਹਨ | ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧਾਂ ਹੇਠ ਇਸ ਪਾਵਨ ਸਥਾਨ ਦੇ ਪ੍ਰਬੰਧਕਾਂ ਵਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਸੰਗਤਾਂ ਦੀ ਸਹੂਲਤ ਲਈ ਕਈ ਪ੍ਰਬੰਧ ਕੀਤੇ ਜਾਂਦੇ ਹਨ ਪਰ ਸੰਗਤਾਂ ਦੇ ਸੈਲਾਬ ਸਾਹਮਣੇ ਕਈ ਵਾਰ ਪ੍ਰਬੰਧ ਵੀ ਨਿੱਕੇ ਪੈ ਜਾਂਦੇ ਹਨ | ਐਤਵਾਰ ਨੂੰ ਵੱਡੀ ਗਿਣਤੀ 'ਚ ਸੰਗਤਾਂ ਵਲੋਂ ਗੁਰਦੁਆਰਾ ਸ਼ਹੀਦਗੰਜ ਸਹਿਬ ਵਿਖੇ ਚੌਪਹਿਰਾ ਕੱਟਿਆ ਗਿਆ | ਇਥੋਂ ਤੱਕ ਸਾਰਾ ਹਫ਼ਤਾ ਕਾਰ ਪਾਰਕਿੰਗ ਵਜੋਂ ਵਰਤੀ ਬਹੁ ਮੰਜ਼ਿਲੀ ਇਮਾਰਤ ਵੀ ਸੰਗਤਾਂ ਨਾਲ ਭਰੀ ਹੋਈ ਸੀ | ਸੜਕ ਦੇ ਇਕ ਪਾਸੇ ਚਾਨਣੀਆਂ ਲਗਾ ਕੇ ਸੰਗਤਾਂ ਲਈ ਛਾਂ ਕੀਤੀ ਗਈ ਸੀ | ਇਸ ਸਬੰਧ 'ਚ ਗੁ: ਸ਼ਹੀਦਗੰਜ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਸਨਿਚਰਵਾਰ ਤੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੀ ਬਹੁ ਮੰਜ਼ਿਲੀ ਪਾਰਕਿੰਗ ਸੰਗਤਾਂ ਦੇ ਬੈਠਣ ਲਈ ਖਾਲੀ ਕਰਾ ਦਿੱਤੀ ਜਾਂਦੀ ਹੈ ਤੇ ਇਸ ਤੋਂ ਇਲਾਵਾ ਨਵੇਂ ਲੰਗਰ ਦੀਆਂ ਤਿੰਨ ਮੰਜ਼ਿਲਾ ਵੀ ਸੰਗਤਾਂ ਦੇ ਬੈਠਣ ਲਈ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ 'ਚ ਪੱਖੇ ਤੇ ਕੂਲਰ ਲਗਾਏ ਜਾਂਦੇ ਹਨ | ਇਸ ਤੋਂ ਇਲਾਵਾ ਖੰਡੇ ਵਾਲੇ ਚੌਕ ਤੋਂ ਲੈ ਕੇ ਸ੍ਰੀ ਰਾਮ ਸਰ ਸਾਹਿਬ ਰੋਡ ਤੱਕ ਸੜਕ ਦੇ ਇਕ ਹਿੱਸੇ 'ਚ ਚਾਨਣੀਆਂ ਲਗਾਈਆਂ ਜਾਂਦੀਆਂ ਹਨ |