ਮਜੀਠਾ, 27 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਮਹਿਕਮਾ ਬਿਜਲੀ ਬੋਰਡ ਦੀ ਅਣਗਹਿਲੀ ਕਾਰਣ ਬੀਤੀ ਦੇਰ ਸ਼ਾਮ ਪਿੰਡ ਨਾਗ ਨਵੇਂ ਦੇ ਗ਼ਰੀਬ ਕਿਸਾਨ ਸਰਤਾਜ ਸਿੰਘ ਤੇ ਲਖਬੀਰ ਸਿੰਘ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਪੱਕੀ ਖੜੀ ਫਸਲ ਬਿਜਲੀ ਦਾ ਸਰਕਟ ਸ਼ਾਰਟ ਹੋਣ ਕਰਕੇ ਸੜ੍ਹ ਕੇ ਸੁਆਹ ਹੋ ਗਈ | ਪੀੜਤ ਕਿਸਾਨਾਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਹੀ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਉਨ੍ਹਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ | ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 9 ਵਜੇ ਤੋਂ 2 ਵਜੇ ਤੱਕ ਦੁਪਹਿਰ ਵੇਲੇ ਬਿਜਲੀ ਖੇਤੀ ਸੈਕਟਰ ਵਾਸਤੇ ਦਿੱਤੀ ਗਈ ਜਿਸ ਦੇ ਚਲਦਿਆਂ ਦੁਪਹਿਰ ਵੇਲੇ ਬਿਜਲੀ ਦਾ ਸਰਕਟ ਸ਼ਾਰਟ ਹੋਣ ਨਾਲ ਚੰਗਿਆੜੇ ਉਨ੍ਹਾਂ ਦੀ ਪੱਕੀ ਫਸਲ ਤੇ ਡਿੱਗੇ ਜਿਸ ਨਾਲ ਉਨ੍ਹਾਂ ਦੀ ਵੇਖਦੇ ਹੀ ਵੇਖਦੇ 9 ਏਕੜ੍ਹ ਕਣਕ ਸੜ ਗਈ | ਮੌਕੇ ਤੇ ਪਹੁੰਚੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਬੜੀ ਜੱਦੋ ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਯਾਦ ਰਹੇ ਕਿ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਪਹਿਲਾਂ ਹੀ ਬਿਜਲੀ ਬੋਰਡ ਪਾਸੋਂ ਬਿਜਲੀ ਸਵੇਰੇ 4 ਵਜੇ ਤੋਂ ਸਵੇਰੇ 8 ਵਜੇ ਤੱਕ ਦੇਣ ਦੀ ਮੰਗ ਕੀਤੀ ਸੀ ਪਰ ਮਹਿਕਮੇ ਵਲੋਂ ਬਿਜਲੀ ਦੁਪਹਿਰ ਵਕਤ ਦਿੱਤੀ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ | ਪਤਾ ਲੱਗਣ 'ਤੇ ਆਮ ਅਦਾਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਸਾਥੀਆਂ ਸਮੇਤ ਮੌਕੇ 'ਤੇ ਪਹੁੰਚੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੀੜਤ ਕਿਸਾਨਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਅਤੇ ਉਨ੍ਹਾਂ ਨੂੰ ਸਰਕਾਰ ਪਾਸੋਂ ਬਣਦਾ ਮੁਆਵਜ਼ਾ ਦਿਵਾਉਣ ਦਾ ਭਰੋਸਾ ਦਿੱਤਾ | ਪੀੜਤ ਕਿਸਾਨਾਂ ਨੇ ਸਰਕਾਰ ਪਾਸੋਂ ਜਲਦੀ ਤੋਂ ਜਲਦੀ ਮੁਆਵਜ਼ਾ ਦੇਣ ਦੀ ਮੰਗ ਕੀਤੀ |