ਅੰਮਿ੍ਤਸਰ, 27 ਅਪ੍ਰੈਲ (ਵਰਪਾਲ)-ਗੱਲਾ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਕਣਕ ਦੀ ਚੁਕਾਈ ਨਾ ਹੋਣ ਦੇ ਰੋਸ ਵਲੋਂ ਪ੍ਰਧਾਨ ਅਮਨਦੀਪ ਸਿੰਘ ਛੀਨਾ ਦੀ ਅਗਵਾਈ ਹੇਠ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਸ. ਛੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਕਣਕ ਦੀ ਖ੍ਰੀਦ ਸੰਬੰਧੀ ਪ੍ਰਬੰਧ ਮੁਕੰਮਲ ਹੋਣ ਦਾ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ ਪਰ ਮੰਡੀਆਂ 'ਚ ਕਣਕ ਦੀ ਚੁਕਾਈ ਨਾਮਾਤਰ ਹੋਣ ਕਰਕੇ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀ 'ਚੋਂ ਵੱਖ-ਵੱਖ ਏਜੰਸੀਆਂ ਵਲੋਂ 6 ਲੱਖ 29 ਹਜ਼ਾਰ ਬੋਰੀ ਕਣਕ ਦੀ ਖ੍ਰੀਦ ਕੀਤੀ ਜਾ ਚੁੱਕੀ ਹੈ ਜਿਸ 'ਚੋਂ ਮਹਿਜ 60 ਹਜ਼ਾਰ ਤੋੜੇ ਦੀ ਲਿਫਟਿੰਗ ਹੋਈ ਹੈ | ਉਨ੍ਹਾਂ ਕਿਹਾ ਕਿ ਲੱਖਾਂ ਬੋਰੀਆਂ ਕਣਕ ਦੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ ਅਜਿਹੇ 'ਚ ਜੇਕਰ ਮੌਸਮ ਖ਼ਰਾਬ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅੱਜ ਕਣਕ ਦੀ ਚੁਕਾਈ ਦੇ ਸਬੰਧੀ ਐਸੋਸੀਏਸ਼ਨ ਦੀ ਮੀਟਿੰਗ ਹੋਈ, ਜਿਸ 'ਚ ਹਰ ਪਹਿਲੂ 'ਤੇ ਵਿਚਾਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੰਡੀ ਦੇ ਸਮੂਹ ਆੜ੍ਹਤੀਆਂ ਨੇ ਇਕਸੁਰ ਹੁੰਦਿਆਂ ਕਣਕ ਦੀ ਚੁਕਾਈ ਦੇ ਸਬੰਧ 'ਚ ਕਿਸੇ ਤਰ੍ਹਾਂ ਦਾ ਵੀ ਪੁਰਾਣੇ ਤਰੀਕੇ ਚੱਲ ਰਹੀ ਲੁੱਟ ਖਸੁੱਟ ਦਾ ਸਮਰਥਨ ਨਹੀਂ ਕੀਤਾ ਸਗੋਂ ਡੱਟ ਕੇ ਇਹ ਫੈਸਲਾ ਕੀਤਾ ਕਿ ਕਣਕ ਦੀਆਂ ਬੋਰੀਆਂ ਦੇ ਚੱਕੇ ਲਗਾਓ ਅਤੇ ਟੈਂਡਰਕਾਰ ਮਾਲ ਚੁੱਕੇ | ਇਸ ਦੌਰਾਨ ਕੋਈ ਲੁੱਟ-ਖਸੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬਹੁਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਟੈਂਡਰਕਾਰ ਮਾਲ ਚੁੱਕੇ ਪਰ ਉਸ ਨੂੰ ਕੋਈ ਫਾਲਤੂ ਖ਼ਰਚਾ ਨਹੀਂ ਦਿੱਤਾ ਜਾਵੇਗਾ | ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਕਿਹਾ ਕਿ ਜੇਕਰ ਜਲਦ ਹੀ ਮੰਡੀਆਂ 'ਚੋਂ ਕਣਕ ਦੀ ਚੁਕਾਈ ਦਾ ਕੰਮ ਤੇਜ਼ੀ ਨਾਲ ਨਹੀਂ ਕੀਤਾ ਗਿਆ ਤਾਂ ਸ਼ਹਿਰ ਦੀਆਂ ਸੜਕਾਂ ਜਾਮ ਕੀਤੀਆਂ ਜਾਣਗੀਆਂ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਜਨਰਲ ਸਕੱਤਰ ਕੁਲਬੀਰ ਸਿੰਘ ਰੰਧਾਵਾ, ਚੇਅਰਮੈਨ ਗੁਰਭਿੰਦਰ ਸਿੰਘ ਮੰਮਣਕੇ, ਸ਼ਬੇਗ ਸਿੰਘ ਖ਼ਜ਼ਾਨਚੀ, ਜਰਪਾਲ ਸਿੰਘ ਖਾਲਸਾ, ਸਤਨਾਮ ਸਿੰਘ ਧੌਲ, ਵੀਨੂ ਅਰੋੜਾ, ਕੰਵਲਪ੍ਰੀਤ ਸਿੰਘ ਮਿੰਟੂ, ਸਾਹਿਬ ਸਿੰਘ ਬੂਰਾ, ਜਰਨੈਲ ਸਿੰਘ ਬਾਠ, ਅਜੇ ਪਹਿਲਵਾਨ ਚਾਟੀਵਿੰਡ, ਸਤਬੀਰ ਸਿੰਘ ਗੁੰਮਟਾਲਾ, ਹੈਪੀ ਪੰਜਵੜ੍ਹ, ਬਲਦੇਵ ਸਿੰਘ ਚਾਟੀਵਿੰਡ ਆਦਿ ਹਾਜ਼ਰ ਸਨ |