ਅੰਮਿ੍ਤਸਰ, 27 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਅੱਜ ਮਾਧਵ ਵਿਦਿਆ ਨਿਕੇਤਨ ਸਕੂਲ ਅੰਮਿ੍ਤਸਰ ਵਿਖੇ ਆਪ੍ਰੇਸ਼ਨ ਸੰਪਰਕ ਦੇ ਬੈਨਰ ਹੇਠ ਨਸ਼ਾ ਛੁਡਾਊ ਮੁਹਿੰਮ 'ਤੇ ਇੱਕ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨਾਂ 'ਚ ਗੁਰਪ੍ਰੀਤ ਸਿੰਘ ਭੁੱਲਰ (ਆਈਪੀਐਸ, ਕਮਿਸ਼ਨਰੇਟ ਆਫ਼ ਪੁਲਿਸ, ਅੰਮਿ੍ਤਸਰ), ਆਲਮ ਵਿਜੇ ਸਿੰਘ (ਪੀਪੀਐਸ, ਡੀਸੀਪੀ, ਕਾਨੂੰਨ ਅਤੇ ਵਿਵਸਥਾ), ਅਤੇ ਸਿਰੀ ਵਿਨੀਲਾ (ਆਈਪੀਐਸ, ਏਡੀਸੀਪੀ) ਸ਼ਾਮਲ ਸਨ | ਇਸ ਸਮਾਗਮ 'ਚ ਸਕੂਲ ਦੇ ਪ੍ਰਧਾਨ ਡਾ. ਅਰੁਣ ਮਹਿਰਾ ਅਤੇ ਵਾਈਸ ਪਿ੍ੰਸੀਪਲ ਕੁਮਾਰੀ ਦੀਪਿੰਦਰ ਪਾਲ ਕੌਰ ਦੀ ਮੌਜੂਦਗੀ ਨੇ ਸ਼ਿਰਕਤ ਕੀਤੀ | ਆਪਣੇ ਸੰਬੋਧਨ 'ਚ ਗੁਰਪ੍ਰੀਤ ਸਿੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਖਾਸ ਕਰਕੇ ਸਰਹੱਦੀ ਖੇਤਰਾਂ ਦੇ ਨੌਜਵਾਨਾਂ 'ਚ ਜਾਗਰੂਕਤਾ ਵਧਾਉਣ ਲਈ ਸਮੂਹਿਕ ਯਤਨ ਜ਼ਰੂਰੀ ਹਨ | ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਤੋਂ ਲਗਭਗ ਪੰਜ ਹਜ਼ਾਰ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਇਸ ਦਿਸ਼ਾ 'ਚ ਲਗਾਤਾਰ ਯਤਨ ਕਰ ਰਹੀ ਹੈ | ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਨਸ਼ੇ ਦੀ ਲਤ ਨੂੰ ਇਕ ਇਨਫੈਕਸ਼ਨ ਦੱਸਦਿਆਂ ਕਿਹਾ ਕਿ ਇਹ ਡਰਨ ਵਾਲੀ ਚੀਜ਼ ਨਹੀਂ ਹੈ, ਸਗੋਂ ਇਸ ਲਈ ਚੌਕਸ ਰਹਿਣ ਅਤੇ ਰਿਪੋਰਟ ਕਰਨ ਦੀ ਲੋੜ ਹੈ | ਅਖ਼ੀਰ 'ਚ ਸਕੂਲ ਦੇ ਮੁਖੀ ਅਤੇ ਵਾਈਸ ਪਿ੍ੰਸੀਪਲ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਸਾਰਿਆਂ ਨੇ ਮਿਲ ਕੇ ਨਸ਼ਾ ਮੁਕਤ ਸਮਾਜ ਬਣਾਉਣ ਦਾ ਪ੍ਰਣ ਲਿਆ |