ਅੰਮਿ੍ਤਸਰ, 28 ਅਪ੍ਰੈਲ (ਸੁਰਿੰਦਰ ਕੋਛੜ)-ਦੇਰ ਰਾਤ ਰਾਜਪੁਰਾ-ਸ਼ੰਭੂ ਰੇਲਵੇ ਪਟੜੀ 'ਤੇ ਇਕ ਨੌਜਵਾਨ ਵਲੋਂ ਬੰਬ ਧਮਾਕਾ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਸ ਦੌਰਾਨ ਬੰਬ ਫਿੱਟ ਕਰਨ ਆਇਆ ਉਕਤ ਨੌਜਵਾਨ ਖ਼ੁਦ ਹੀ ਧਮਾਕੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ | ਇਸ ਧਮਾਕੇ ਤੋਂ ਬਾਅਦ ਪੰਜਾਬ ਭਰ ਦੇ ਰੇਲਵੇ ਸਟੇਸ਼ਨਾਂ 'ਤੇ ਹਾਈ ਅਲਰਟ ਕਰ ਦਿੱਤੇ ਗਏ ਹਨ | ਇਸੇ ਤਹਿਤ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਵੀ ਪ੍ਰਸ਼ਾਸਨ ਵਲੋਂ ਸਖ਼ਤ ਚੈਕਿੰਗ ਮੁਹਿੰਮ ਚਲਾਈ ਗਈ | ਜੀ. ਆਰ. ਪੀ. ਅਤੇ ਆਰ. ਪੀ. ਐੱਫ. ਦੀਆਂ ਟੀਮਾਂ ਨੇ ਸਾਂਝੇ ਤੌਰ 'ਤੇ ਰੇਲਵੇ ਸਟੇਸ਼ਨ ਦੇ ਹਰ ਹਿੱਸੇ ਦੀ ਜਾਂਚ ਕੀਤੀ | ਡੌਗ ਸਕਵਾਡ ਟੀਮਾਂ ਨੂੰ ਨਾਲ ਲੈ ਕੇ ਪਲੇਟਫ਼ਾਰਮਾਂ, ਵੇਟਿੰਗ ਏਰੀਆ, ਟਿਕਟ ਘਰ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਤਲਾਸ਼ੀ ਲਈ ਗਈ | ਇਸ ਦੌਰਾਨ ਹਰ ਯਾਤਰੀ ਦੇ ਸਾਮਾਨ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਗਈ ਅਤੇ ਟਰੇਨਾਂ ਦੇ ਅੰਦਰ ਜਾ ਕੇ ਵੀ ਯਾਤਰੂਆਂ ਦੇ ਸਾਮਾਨ ਨੂੰ ਖੰਘਾਲਿਆ ਗਿਆ | ਸ਼ੱਕੀ ਪ੍ਰਤੀਤ ਹੁੰਦੇ ਲੋਕਾਂ ਦੀ ਵੱਖਰੇ ਤੌਰ 'ਤੇ ਤਲਾਸ਼ੀ ਲਈ ਗਈ | ਪੁਲਿਸ ਵਲੋਂ ਸਟੇਸ਼ਨ 'ਤੇ ਆਉਣ-ਜਾਣ ਵਾਲੇ ਹਰ ਵਿਅਕਤੀ 'ਤੇ ਨਜ਼ਰ ਰੱਖੀ ਗਈ | ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੀ. ਆਰ. ਪੀ. ਦੇ ਡੀ. ਐੱਸ. ਪੀ. ਅਰਵਿੰਦਰ ਸਿੰਘ ਨੇ ਦੱਸਿਆ ਕਿ ਜੀ. ਆਰ. ਪੀ. ਅਤੇ ਆਰ. ਪੀ. ਐੱਫ. ਵਲੋਂ ਰੁਟੀਨ ਮੁਤਾਬਿਕ ਰੇਲਵੇ ਸਟੇਸ਼ਨਾਂ 'ਤੇ ਚੈਕਿੰਗ ਕੀਤੀ ਜਾਂਦੀ ਹੈ, ਪਰ ਬੀਤੀ ਰਾਤ ਵਾਪਰੀ ਘਟਨਾ ਤੋਂ ਬਾਅਦ ਅੱਜ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਖ਼ਾਸ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ | ਉਨ੍ਹਾਂ ਯਾਤਰੀਆਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਪੁਲਿਸ ਹਰ ਵੇਲੇ ਲੋਕਾਂ ਦੀ ਸੁਰੱਖਿਆ ਲਈ ਮੁਸ਼ਤੈਦ ਹੈ |
ਰਾਜਪੁਰਾ ਨੇੜੇ ਧਮਾਕੇ ਤੋਂ ਬਾਅਦ ਅੰਮਿ੍ਤਸਰ ਦੇ ਰੇਲਵੇ ਸਟੇਸ਼ਨ 'ਤੇ ਕੀਤੀ ਸਖ਼ਤ ਚੈਕਿੰਗ <br/>
ਅਜੀਤ ਡੈਸਕ
29-04-2026