ਅੰਮਿ੍ਤਸਰ, 2 ਮਈ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ ਅੰਮਿ੍ਤਸਰ ਨੇ ਮਜ਼ਦੂਰ ਦਿਵਸ ਅਤੇ ਬੁੱਧ ਪੁੰਨਿਆ ਨੂੰ ਬੜੀ ਸ਼ਰਧਾਪੂਰਵਕ ਮਨਾਇਆ | ਇਸ ਮੌਕੇ ਵਿਦਿਆਰਥੀਆਂ ਨੇ ਸਮਾਜ ਦੀ ਤਰੱਕੀ 'ਚ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਮਜ਼ਦੂਰਾਂ ਦੀ ਅਟੱਲ ਮਿਹਨਤ ਨੂੰ ਸ਼ਰਧਾਂਜਲੀ ਭੇਟ ਕੀਤੀ | ਭਾਸ਼ਣਾਂ ਅਤੇ ਕਲਾਸਰੂਮ ਚਰਚਾਵਾਂ ਰਾਹੀਂ ਉਨ੍ਹਾਂ ਨੇ ਹਰ ਕਿਸਮ ਦੇ ਕੰਮ ਦੀ ਕਦਰ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਸਹਾਇਕ ਕਰਮਚਾਰੀਆਂ ਦੀਆਂ ਸਮਰਪਿਤ ਸੇਵਾਵਾਂ ਦੇ ਲਈ ਧੰਨਵਾਦ ਪ੍ਰਗਟ ਕੀਤਾ | ਬੁੱਧ ਪੁੰਨਿਆ ਦੇ ਪਵਿੱਤਰ ਮੌਕੇ 'ਤੇ ਵਿਦਿਆਰਥੀਆਂ ਨੂੰ ਗੌਤਮ ਬੁੱਧ ਦੇ ਜੀਵਨ ਅਤੇ ਉਪਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ | ਸਕੂਲ ਦੇ ਪ੍ਰਬੰਧਕ ਸ੍ਰੀਮਤੀ ਸਵੀਨ ਪੁਰੀ ਨੇ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਮੁੱਲਾਂ ਨੂੰ ਆਪਣੇੇ ਜੀਵਨ 'ਚ ਅਪਨਾਉਣ ਲਈ ਪ੍ਰੋਤਸਾਹਿਤ ਕੀਤਾ | ਪਿ੍ੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ 'ਤੇ ਗਰਵ ਪ੍ਰਗਟ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪੋ੍ਰਗਰਾਮ ਜ਼ਿੰਮੇਵਾਰ ਅਤੇ ਦਿਆਲੂ ਨਾਗਰਿਕ ਤਿਆਰ ਕਰਨ 'ਚ ਸਹਾਇਕ ਹੁੰਦੇ ਹਨ | ਉਨ੍ਹਾਂ ਨੇ ਸਾਰੇ ਕਰਮਚਾਰੀਆਂ ਦੀ ਸਮਰਪਿਤ ਸੇਵਾ ਅਤੇ ਮਿਹਨਤ ਲਈ ਵੀ ਉਨ੍ਹਾਂ ਨੂੰ ਵਧਾਈ ਦਿੱਤੀ, ਜਿੰਨ੍ਹਾਂ ਦੇ ਅਮੁੱਲੇ ਯੋਗਦਾਨ ਨਾਲ ਸਕੂਲ ਦੀ ਕਾਰਗੁਜ਼ਾਰੀ ਸੁਚਾਰੂ ਤਰੀਕੇ ਨਾਲ ਚਲਦੀ ਹੈ |