ਅੰਮਿ੍ਤਸਰ, 2 ਮਈ (ਰਾਜੇਸ਼ ਕੁਮਾਰ ਸ਼ਰਮਾ)-ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੂਮੈਨ ਦੀ ਐੱਨ.ਐੱਸ.ਐੱਸ. ਯੂਨਿਟ ਵਲੋਂ ਵਿਸ਼ਵ ਸਿਹਤ ਦਿਵਸ ਦੇ ਮੌਕੇ 'ਤੇ ਮੁਫ਼ਤ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥਣਾਂ ਅਤੇ ਸਟਾਫ਼ ਵਿਚ ਅੱਖਾਂ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਨਿਯਮਤ ਜਾਂਚ ਨੂੰ ਉਤਸ਼ਾਹਿਤ ਕਰਨਾ ਸੀ | ਇਸ ਮੌਕੇ ਏ. ਐੱਸ. ਜੀ. ਆਈ. ਹਸਪਤਾਲ ਦੀ ਇਕ ਮੈਡੀਕਲ ਟੀਮ, ਜਿਸ 'ਚ ਸੁਨੀਲ ਕੁਮਾਰ, ਸੁਮਿਤ, ਸੋਨੂੰ ਕੁਮਾਰ ਅਤੇ ਕੁਮਾਰੀ ਗੁਰਿੰਦਰ ਸ਼ਾਮਿਲ ਸਨ, ਨੇ ਕੈਂਪ ਦੌਰਾਨ ਅੱਖਾਂ ਦੀ ਵਿਸਤਿ੍ਤ ਜਾਂਚ ਕੀਤੀ | ਮਾਹਿਰਾਂ ਨੇ ਅੱਖਾਂ ਦੀ ਬਿਹਤਰ ਸਿਹਤ ਬਣਾਈ ਰੱਖਣ ਲਈ ਪੇਸ਼ੇਵਰ ਸਲਾਹ ਅਤੇ ਕੀਮਤੀ ਮਾਰਗਦਰਸ਼ਨ ਕੀਤਾ | ਕੈਂਪ ਦੌਰਾਨ ਕੁੱਲ 128 ਵਿਦਿਆਰਥਣਾਂ ਅਤੇ ਸਟਾਫ਼ ਮੈਂਬਰਾਂ ਦੀ ਜਾਂਚ ਕੀਤੀ ਗਈ | ਲੋੜ ਪੈਣ 'ਤੇ ਅਗਲੇਰੀ ਸਲਾਹ ਅਤੇ ਇਲਾਜ ਦੀ ਸਹੂਲਤ ਲਈ ਮੁਫ਼ਤ ਚੈੱਕ-ਅੱਪ ਕੂਪਨ ਵੀ ਦਿੱਤੇ ਗਏ | ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਐੱਨ.ਐੱਸ.ਐੱਸ. ਯੂਨਿਟ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਮਾਜਿਕ ਜ਼ਿੰਮੇਵਾਰੀ ਅਤੇ ਵਿਦਿਆਰਥੀ ਭਲਾਈ ਪ੍ਰਤੀ ਉਨ੍ਹਾਂ ਦੇ ਲਗਾਤਾਰ ਸਮਰਪਣ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਨਾ ਸਿਰਫ਼ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਸਗੋਂ ਵਿਦਿਆਰਥੀਆਂ ਵਿਚ ਹਮਦਰਦੀ ਅਤੇ ਸੇਵਾ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ | ਇਸ ਮੌਕੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ. ਸੁਰਭੀ ਧੀਰ, ਡਾ. ਨਿਧੀ ਅਗਰਵਾਲ ਅਤੇ ਕੁਮਾਰੀ ਅਕਸ਼ਿਕਾ ਅਨੇਜਾ ਵੀ ਹਾਜ਼ਰ ਰਹੇ |