ਓਠੀਆਂ, 4 ਮਈ (ਗੁਰਵਿੰਦਰ ਸਿੰਘ ਛੀਨਾ)-ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਇੰਚਾਰਜ ਸੋਨੀਆ ਮਾਨ ਦੀ ਅਗਵਾਈ ਹੇਠ ਮਹਿਲਾ ਵਿੰਗ ਹਲਕਾ ਕੋਆਰਡੀਨੇਟਰ ਰਵਲੀਨ ਕੌਰ ਸੰਧੂ ਵਲੋਂ ਪਿੰਡ ਕੋਟਲਾ ਸੁਰਾਜ ਲੁਹਾਰ ਤੋਂ ਮੁੱਖ ਮੰਤਰੀ ਯਾਤਰਾ ਯੋਜਨਾ ਬੱਸ ਨੂੰ ਹਰੀ ਝੰਡੀ ਦੇ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਤੇ ਮਾਤਾ ਨੈਣਾ ਦੇਵੀ ਨੂੰ ਰਵਾਨਾ ਕੀਤਾ | ਇਸ ਮੌਕੇ ਧਾਰਮਿਕ ਯਾਤਰਾ 'ਤੇ ਜਾਣ ਵਾਲੇ ਬਜ਼ੁਰਗਾਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਹੈ, ਜਿਸ ਨਾਲ ਘਰਾਂ 'ਚ ਬੈਠੇ ਹੋਏ ਬਜ਼ੁਰਗ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ ਤੇ ਇਸ ਯਾਤਰਾ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕ ਰਹੀ ਹੈ | ਉਨ੍ਹਾਂ ਕਿਹਾ ਕਿ ਬਹੁਤ ਸਾਰੇ ਗਰੀਬ ਲੋਕ ਯਾਤਰਾ ਜਾਣ ਲਈ ਪੈਸੇ ਨਹੀਂ ਖਰਚ ਸਕਦੇ ਇਸ ਕਰਕੇ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾਂ | ਇਸ ਮੌਕੇ ਰਵਲੀਨ ਕੌਰ ਨੇ ਕਿਹਾ ਕਿ ਇਸ ਧਾਰਮਿਕ ਯਾਤਰਾ ਵਿਚ ਸਭ ਤੋਂ ਵੱਧ ਮਹਿਲਾਵਾਂ ਜਾ ਰਹੀਆਂ ਹਨ ਅਤੇ ਰਾਜਾਸਾਂਸੀ ਹਲਕੇ ਦੇ ਹਰ ਬੂਥ ਤੋਂ ਇਕ-ਇਕ ਬੱਸ ਵੱਖ-ਵੱਖ ਧਾਰਮਿਕ ਯਾਤਰਾ ਲਈ ਰਵਾਨਾ ਹੋਵੇਗੀ | ਇਸ ਮੌਕੇ ਹਲਕਾ ਸੰਗਠਨ ਇੰਚਾਰਜ ਰਾਜਬੀਰ ਸਿੰਘ ਤੋਲਾ ਨੰਗਲ, ਵਿਰਾਸਤ ਸੇਵਾ ਸੰਗਠਨ ਇੰਚਾਰਜ ਅੰਮਿ੍ਤ ਪਾਲ ਸਿੰਘ ਸ਼ਹੂਰਾ, ਨਸ਼ਾ ਮੁਕਤੀ ਕੋਆਰਡੀਨੇਟਰ ਸੁਖਦੀਪ ਸਿੰਘ ਛੀਨਾ, ਅਮਿਤੋਜ ਸਿੰਘ ਆਦਿ ਹਾਜ਼ਰ ਸਨ |