ਅੰਮਿ੍ਤਸਰ, 5 ਮਈ (ਹਰਮਿੰਦਰ ਸਿੰਘ)-ਹਲਕਾ ਪੂਰਬੀ 'ਚ ਸਰਗਰਮ ਭਾਜਪਾ ਆਗੂ ਮਨਰਾਜ ਸਿੰਘ ਛੀਨਾ ਨੇ ਕਿਹਾ ਕਿ ਭਾਜਪਾ ਨੇ ਪੱਛਮ ਬੰਗਾਲ 'ਚ ਜਿੱਤ ਹਾਸਲ ਕਰਕੇ ਮਮਤਾ ਬੈਨਰਜੀ ਦਾ 15 ਸਾਲ ਤੋਂ ਚਲਦੀ ਆ ਰਹੀ ਧੱਕੇਸ਼ਾਹੀ ਨੂੰ ਖ਼ਤਮ ਕੀਤਾ ਹੈ ਅਤੇ ਹੁਣ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਪੰਜਾਬੀਆ ਵਲੋਂ ਭਾਜਪਾ 'ਤੇ ਪ੍ਰਗਟਾਏ ਜਾ ਰਹੇ ਭਰੋਸੇ ਦੀ ਬਦੋਲਤ ਆਪਣੇ ਬਲਬੂਤੇ 'ਤੇ ਭਾਜਪਾ ਮਜਬੂਤ ਸਰਕਾਰ ਬਣਾਏਗੀ | ਸ: ਛੀਨਾ ਨੇ ਭਾਜਪਾ ਨੂੰ ਪੱਛਮ ਬੰਗਾਲ, ਅਸਾਮ ਅਤੇ ਪੁਡੂਚੇਰੀ ਵਿਚ ਮਿਲੀ ਭਾਰੀ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਭਾਜਪਾ ਅਜਿਹੀ ਪਾਰਟੀ ਹੈ ਜਿਸ ਦੇ ਹੱਥਾਂ ਵਿਚ ਪੰਜਾਬ ਖੁਸ਼ਹਾਲ ਰਹਿ ਸਕਦਾ ਹੈ ਅਤੇ ਪੰਜਾਬ ਦੇ ਹਰ ਵਰਗ ਨੂੰ ਲੋੜੀਂਦੀਆਂ ਸਹੂਲਤਾ ਮਿਲ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਕੇਂਦਰ 'ਚ ਪਹਿਲਾਂ ਹੀ ਭਾਜਪਾ ਹੈ ਅਤੇ ਪੰਜਾਬ ਵਿਚ ਵੀ ਭਾਜਪਾ ਦੀ ਸਰਕਾਰ ਬਣਨ ਨਾਲ ਡਬਲ ਇੰਜਣ ਸਰਕਾਰ ਹੋਵੇਗੀ ਅਤੇ ਇਹ ਡਬਲ ਇੰਜਣ ਸਰਕਾਰ ਸੂਬੇ ਨੂੰ ਇਕ ਵਾਰ ਸੋਨੇ ਦੀ ਚਿੜੀ ਬਣਾਉਣ ਵਿਚ ਕੋਈ ਕਸਰ ਨਹੀ ਛੱਡੇਗੀ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਲੁਟਿਆ ਅਤੇ ਪੰਜਾਬੀਆਂ ਨੂੰ ਕੁੱਟਿਆ ਹੈ | ਜਿਸ ਕਾਰਨ ਪੰਜਾਬ ਦਾ ਹਰ ਵਰਗ ਇਥੋਂ ਤੱਕ ਸੂਬੇ ਦੀ ਰੀੜ ਦੀ ਹੱਡੀ ਵਪਾਰੀ ਅਤੇ ਸਰਕਾਰੀ ਨੌਕਰੀਪੇਸ਼ਾ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਨੇ ਨਜ਼ਰ ਅੰਦਾਜ ਕੀਤਾ ਹੈ | ਹੁਣ ਵੇਲਾ ਆ ਗਿਆ ਹੈ ਕਿ ਪੰਜਾਬ ਦੇ ਲੋਕ ਦੂਸਰੀਆਂ ਪਾਰਟੀਆਂ ਨੂੰ ਨਜ਼ਰ ਅੰਦਾਜ ਕਰਕੇ ਸੂਬੇ ਵਿਚ ਭਾਜਪਾ ਦਾ ਝੰਡਾ ਬੁਲੰਦ ਕਰਨਗੇ |