ਅੰਮਿ੍ਤਸਰ, 9 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵਲੋਂ ਕਾਰ ਸੇਵਾ ਸੰਪ੍ਰਦਾਇ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਲੰਗਰ ਗੁਰੂ ਰਾਮਦਾਸ ਜੀ ਤੋਂ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਤੱਕ, ਸਰਾਂ ਵਾਲੇ ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਸਾਹਮਣਿਉਂ ਗੁਜਰਦੇ ਰਸਤੇ ਦੇ ਸੁੰਦਰੀਕਰਨ ਅਤੇ ਨਵੀਨੀਕਰਨ ਦੀ ਕਾਰ ਸੇਵਾ ਕੱਲ੍ਹ 10 ਮਈ ਨੂੰ ਆਰੰਭ ਹੋ ਰਹੀ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਇਸ ਅਹਿਮ ਰਸਤੇ ਦੇ ਸੁੰਦਰੀਕਰਨ ਤੇ ਨਵੀਨੀਕਰਨ ਕਾਰਜਾਂ ਦੀ ਕਾਰ ਸੇਵਾ ਦੀ ਰਸਮੀ ਆਰੰਭਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਹੋਰਨਾਂ ਪੰਥਕ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਕੀਤੀ ਜਾਵੇਗੀ | ਇਸੇ ਦੌਰਾਨ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਸ ਰਸਤੇ 'ਤੇ ਸ਼ੋ੍ਰਮਣੀ ਕਮੇਟੀ ਦਫ਼ਤਰ ਤੇ ਸਰਾਵਾਂ ਹੋਣ ਕਾਰਣ ਇਥੇ ਸ਼ਰਧਾਲੂਆਂ ਦੀ ਵੱਡੀ ਆਵਾਜਾਈ ਰਹਿੰਦੀ ਹੈ, ਇਸ ਲਈ ਸੁੰਦਰੀਕਰਨ ਤੋਂ ਬਾਅਦ ਇਥੇ ਕਿਸੇ ਵੀ ਸ਼ੋ੍ਰਮਣੀ ਕਮੇਟੀ ਮੈਂਬਰ ਜਾਂ ਪ੍ਰਮੁੱਖ ਸ਼ਖ਼ਸੀਅਤਾਂ ਦੀਆਂ ਕਾਰਾਂ ਜਾਂ ਹੋਰ ਵਾਹਨਾਂ ਦੇ ਪਾਰਕ ਕਰਨ 'ਤੇ ਵੀ ਰੋਕ ਲਗਾਉਣੀ ਚਾਹੀਦੀ ਹੈ |