ਅੰਮਿ੍ਤਸਰ, 12 ਮਈ (ਹਰਮਿੰਦਰ ਸਿੰਘ)-ਸਥਾਨਕ ਰਾਣੀ ਕਾ ਬਾਗ਼ ਇਲਾਕੇ 'ਚ ਅਣ-ਅਧਿਕਾਰਤ ਤੌਰ 'ਤੇ ਲੱਗ ਰਹੀਆਂ ਰੇਹੜੀਆਂ ਤੋਂ ਪ੍ਰੇਸ਼ਾਨ ਲੋਕਾਂ ਦਾ ਇਕ ਵਫ਼ਦ ਕੌਂਸਲਰ ਨੀਤੂ ਟਾਂਗਰੀ ਦੇ ਪਤੀ ਸੰਜੀਵ ਟਾਂਗਰੀ ਦੀ ਅਗਵਾਈ ਹੇਠ ਵਧੀਕ ਕਮਿਸ਼ਨਰ ਡਾ. ਜੈਇੰਦਰ ਸਿੰਘ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਜਾਣੂ ਕਰਵਾਇਆ | ਇਸ ਦੌਰਾਨ ਵਫ਼ਦ ਮੈਂਬਰਾਂ ਨਾ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਨਗਰ ਨਿਗਮ ਜਿਸਦੇ ਜਿੰਮੇ ਸ਼ਹਿਰ 'ਚੋਂ ਨਾਜਾਇਜ਼ ਕਬਜ਼ੇ ਖੋਖੇ ਰੇਹੜੀਆਂ ਆਦਿ ਹਟਾਉਣ ਦੀ ਜ਼ਿੰਮੇਵਾਰੀ ਹੈ ਤਾਂ ਜੋ ਸ਼ਹਿਰ ਦੀ ਦਿੱਖ ਸੁੰਦਰ ਲੱਗੇ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚੱਲਣ ਦਿੱਤਾ ਜਾਵੇ ਪਰੰਤੂ ਨਗਰ ਨਿਗਮ ਦੇ ਅਧਿਕਾਰੀ ਇਸ ਦੇ ਉਲਟ ਕੰਮ ਕਰਦੇ ਨਜ਼ਰ ਆਉਂਦੇ ਹਨ ਅਤੇ ਖੁਦ ਨਾਜਾਇਜ਼ ਕਬਜ਼ੇ ਖੋਖੇ ਅਤੇ ਰੇਹੜੀਆਂ ਲਗਵਾਉਣ ਵਿਚ ਸਹਿਯੋਗ ਕਰ ਰਹੇ ਹਨ ਜਿਹੜੀ ਕਿ ਲੋਕਾਂ ਲਈ ਸਮੱਸਿਆ ਤੇ ਆਵਾਜਾਈ ਵਿਚ ਰੁਕਾਵਟ ਬਣ ਰਹੀ ਹੈ | ਉਨ੍ਹਾਂ ਕਿਹਾ ਨਾਜਾਇਜ਼ ਰੇਹੜੀਆਂ ਲੱਗਣ ਕਰ ਕੇ ਰਾਣੀ ਕਾ ਬਾਗ਼ ਇਲਾਕੇ 'ਚ ਰੋਜ਼ ਹੀ ਰੇਹੜੀਆਂ ਵਾਲਿਆਂ ਅਤੇ ਸਥਾਨਕ ਲੋਕਾਂ 'ਚ ਝਗੜੇ ਹੁੰਦੇ ਹਨ | ਰੇਹੜੀਆਂ ਦੇ ਹੱਕ ਵਿਚ ਕੁਝ ਅਖੌਤੀ ਸੱਤਾਧਾਰੀ ਲੀਡਰ ਆਪਣੇ ਲਾਲਚ ਲਈ ਉਨ੍ਹਾਂ ਦੀ ਸਿਫਾਰਿਸ਼ ਕਰਦੇ ਹਨ | ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਫੈਸਲਾ ਕੀਤਾ ਹੈ ਕਿ ਆਪਣੀਆਂ ਕੋਠੀਆਂ ਬੰਦ ਕਰਕੇ ਉਸ ਦੀਆਂ ਚਾਬੀਆਂ ਨਿਗਮ ਦਫ਼ਤਰ ਨੂੰ ਸੌਂਪ ਕੇ ਸੜਕ 'ਚ ਬੈਠ ਜਾਣਗੇ | ਇਸ ਮੌਕੇ 'ਤੇ ਰਾਣੀ ਕਾ ਬਾਗ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁੰਦਰਾ, ਗੁਲਸ਼ਨ ਅਨੰਦ, ਜੇ.ਪੀ. ਚੌਧਰੀ, ਸਮੀਰ ਸਰਪਾਲ, ਪੀ. ਐੱਲ. ਹਾਂਡਾ, ਸਤਿੰਦਰ ਸਿੰਘ, ਮਨਪ੍ਰੀਤ ਸਿੰਘ ਢਿੱਲੋਂ, ਵਿਪਨ ਸ਼ਰਮਾ, ਅਸ਼ੋਕ ਅਵਸਥੀ ਤੇ ਪ੍ਰਦੀਪ ਗੁਲਾਟੀ ਆਦਿ ਮੌਜੂਦ ਸਨ |