ਸੁਲਤਾਨਵਿੰਡ, 12 ਮਈ (ਗੁਰਨਾਮ ਸਿੰਘ ਬੁੱਟਰ)-ਦੋਬੁਰਜੀ ਲਿੰਕ ਰੋਡ ਪਿੰਡ ਸੁਲਤਾਨਵਿੰਡ ਵਿਖੇ ਸਥਿਤ ਹਰਮਨ ਪਬਲਿਕ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਆਪਣੀ ਮਿਹਨਤ ਦਾ ਲੋਹਾ ਮਨਵਾਉਂਦਿਆਂ ਸ਼ਾਨਦਾਰ ਸਫਲਤਾ ਹਾਸਿਲ ਕੀਤੀ ਹੈ | ਸਕੂਲ ਸਟਾਫ ਅਤੇ ਬੱਚਿਆਂ ਦੀ ਅਣਥੱਕ ਮਿਹਨਤ ਸਦਕਾ ਨਤੀਜਾ ਬਹੁਤ ਹੀ ਉਤਸ਼ਾਹਜਨਕ ਰਿਹਾ | ਇਸ ਮੌਕੇ ਸਕੂਲ ਦੀ ਚੇਅਰਮੈਨ ਮੈਡਮ ਕੈਲਾਸ਼ ਰਾਣੀ, ਡਾਇਰੈਕਟਰ ਮੈਡਮ ਨਵਦੀਪ ਕੌਰ ਮਲਹੋਤਰਾ ਤੇ ਪਿ੍ੰਸੀਪਲ ਅਸ਼ਵਨੀ ਕੁਮਾਰ ਮਲਹੋਤਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਜਿਨ੍ਹਾਂ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ | ਆਪਣੀ ਜਿੱਤ ਦੀ ਖੁਸ਼ੀ ਵਿਚ ਵਿਦਿਆਰਥੀਆਂ ਨੇ ਸਕੂਲ ਕੈਂਪਸ ਵਿਚ ਗਿੱਧੇ ਅਤੇ ਭੰਗੜੇ ਪਾ ਕੇ ਜਸ਼ਨ ਮਨਾਇਆ | ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪਿ੍ੰਸੀਪਲ ਨੇ ਕਿਹਾ 'ਵਿੱਦਿਆ ਤੋਂ ਬਿਨਾਂ ਮਨੁੱਖੀ ਜੀਵਨ ਹਨੇ੍ਹਰੇ ਸਮਾਨ ਹੈ | ਇੱਕ ਚੰਗਾ ਅਤੇ ਜ਼ਿੰਮੇਵਾਰ ਇਨਸਾਨ ਬਣਨ ਲਈ ਉੱਚ ਵਿੱਦਿਆ ਪ੍ਰਾਪਤ ਕਰਨੀ ਬਹੁਤ ਜ਼ਰੂਰੀ ਹੈ |' ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮੱਲਾਂ ਮਾਰਨ ਅਤੇ ਉੱਚ ਵਿੱਦਿਆ ਹਾਸਲ ਕਰਕੇ ਆਪਣੀ ਜ਼ਿੰਦਗੀ ਨੂੰ ਰੁਸ਼ਨਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਹਰਿੰਦਰ ਕੌਰ, ਗੋਰੀ ਸੇਠੀ, ਨਿਸ਼ਾ ਸੈਣੀ, ਸੰਤੋਸ਼ ਕੁਮਾਰੀ, ਮਧੂ ਸ਼ਰਮਾ, ਪਰਮਿੰਦਰ ਕੌਰ, ਬਲਜੀਤ ਕੌਰ, ਸੀਮਾ ਮੈਡਮ, ਸ਼ਰਨਜੀਤ ਕੌਰ, ਗੁਰਪ੍ਰੀਤ ਕੌਰ, ਰਿੰਕੂ ਮੈਡਮ, ਮਨਦੀਪ ਕੌਰ, ਹਰਵੀਨ ਕੌਰ, ਬਲਵਿੰਦਰ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ, ਜਿਨ੍ਹਾਂ ਨੇ ਬੱਚਿਆਂ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕੀਤਾ |