18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਿੱਖਿਆ ਵਿਭਾਗ ਦੀਆਂ ਅਣਗਹਿਲੀਆਂ ਨੇ ਦਾਅ 'ਤੇ ਲਗਾਇਆ ਬੱਚਿਆਂ ਦਾ ਭਵਿੱਖ <br/>

Ad Position 21
No active advertisement
ਸਕੂਲ ਆਫ ਐਮੀਨੈਂਸ ਵਰਪਾਲ ਦਾ ਬਾਹਰੀ ਦਿ੍ਸ਼ ਤੇ ਅਣਸੁੱਖਿਅਤ ਐਲਾਨੀ ਗਈ ਇਮਾਰਤ ਦੀਆਂ ਵੱਖ-ਵੱਖ ਤਸਵੀਰਾਂ | ਤਸਵੀਰਾਂ : ਨਿਰਮਲ ਸਟੂਡੀਓ <br/> 19-05-2026
ਅੰਮਿ੍ਤਸਰ, 18 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਭਾਵੇਂ ਕਿ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇ ਨਾਅਰੇ ਤਹਿਤ ਆਪਣੇ ਸੁਪਨਮਈ ਪ੍ਰੋਜੈਕਟ ਸਕੂਲ ਆਫ਼ ਐਮੀਨੈਂਸ ਸ਼ੁਰੂ ਕਰਕੇ ਗ਼ਰੀਬ ਤੇ ਲੋੜਵੰਦ ਪਰਿਵਾਰਾਂ 'ਚ ਉਨ੍ਹਾਂ ਦੇ ਬੱਚਿਆ ਦਾ ਸੁਨਿਹਰੀ ਭਵਿੱਖ ਬਣਾਉਣ ਦੀ ਇਕ ਆਸ ਤੇ ਉਮੀਦ ਦੀ ਕਿਰਨ ਜਗਾਈ ਸੀ ਪਰ ਸਿੱਖਿਆ ਵਿਭਾਗ ਦੀਆਂ ਅਣਗਹਿਲੀਆਂ ਕਰਕੇ ਅੱਜ ਇਹੀ ਪ੍ਰੋਜੈਕਟ ਮਾਸੂਮ ਬੱਚਿਆਂ ਲਈ ਗ੍ਰਹਿਣ ਬਣਦੇ ਜਾ ਰਹੇ ਹਨ | ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ 2023-24 'ਚ ਜ਼ਿਲ੍ਹਾ ਅੰਮਿ੍ਤਸਰ ਦੇ ਹਲਕਾ ਅਟਾਰੀ ਅਧੀਨ ਪੈਂਦੇ ਸਭ ਤੋਂ ਵੱਡੇ ਪਿੰਡ ਵਰਪਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ 'ਸਕੂਲ ਆਫ ਐਮੀਨੈਂਸ' ਬਣਾਇਆ ਗਿਆ ਸੀ, ਪਰ ਪਿਛਲੇ ਸਾਲਾਂ ਤੋਂ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਲਾਪਰਵਾਹੀਆਂ ਕਾਰਨ ਇਹ ਸਕੂਲ 'ਸਕੂਲ ਆਫ ਐਮੀਨੈਂਸ' ਵਜੋਂ ਉੱਨਤ ਤਾਂ ਕੀ ਹੋਣਾ ਸੀ ਸਗੋਂ ਉਲਟਾ ਇਸ ਦਾ ਪਹਿਲਾਂ ਨਾਲੋਂ ਵੀ ਹਾਲ ਮਾੜਾ ਹੋ ਗਿਆ ਹੈ | ਲਗਭਗ 11-12 ਪਿੰਡਾਂ ਦੇ ਬੱਚਿਆ ਦੀ ਪੜ੍ਹਾਈ ਦਾ ਕੇਂਦਰ ਇਹ ਸਕੂਲ ਪਿਛਲੇ 1 ਸਾਲ ਤੋਂ ਡਬਲ ਸ਼ਿਫਟ ਕਰ ਦਿੱਤਾ ਗਿਆ ਹੈ | ਪਿੰਡਾਂ ਤੋਂ ਦੂਰ ਅਤੇ ਨਹਿਰ ਦੇ ਉਲ੍ਹੇ ਹੋਣ ਕਰਕੇ ਇਥੇ ਸ਼ਿਖਰ ਦੁਪਹਿਰੇ ਪੜ੍ਹਣ ਜਾਣ ਵਾਲੀਆਂ ਬੱਚੀਆਂ ਨੂੰ ਕਈ ਚਿੰਤਾਜਨਕ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਕੂਲ 'ਚ ਬਹੁਤਾਤ ਵਿਦਿਆਰਥੀਆਂ ਦੀ ਗਿਣਤੀ ਉਨ੍ਹਾਂ ਬੱਚਿਆਂ ਦੀ ਹੈ, ਜਿਨ੍ਹਾਂ ਦੇ ਮਾਪੇ ਮਜਦੂਰੀ ਕਰਕੇ ਬੜੀ ਮੁਸ਼ਕਿਲ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰ ਰਹੇ ਹਨ | ਡਬਲ ਸ਼ਿਫਟ ਹੋਣ ਕਰਕੇ ਕਿਸੇ ਦਾ ਭਰਾ ਸਵੇਰੇ ਤੇ ਭੈਣ ਸਾਮ ਨੂੰ ਅਤੇ ਕਿਸੇ ਦੀ ਭੈਣ ਸਵੇਰੇ ਅਤੇ ਭਰਾ ਸਾਮ ਨੂੰ ਪੜ੍ਹਣ ਲਈ ਸਕੂਲ ਜਾਂਦੇ ਹਨ ਅਜਿਹੇ 'ਚ ਮਾਪੇ ਆਪਣੇ ਕੰਮਾਂ-ਕਾਰਾਂ 'ਤੇ ਚਲੇ ਜਾਂਦੇ ਹਨ, ਜਿਸ ਕਰਕੇ ਬੱਚਿਆਂ ਨੂੰ ਸਕੂਲ ਆਉਣ-ਜਾਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਪਿੰਡਾਂ ਦੀਆਂ ਪੰਚਾਇਤਾਂ, ਐੱਸ. ਐੱਮ. ਸੀ. ਕਮੇਟੀ ਸਮੇਤ ਮਾਪਿਆ ਨੇ ਸਕੂਲ, ਸਿੱਖਿਆ ਵਿਭਾਗ ਅਤੇ ਸਰਕਾਰੇ-ਦਰਬਾਰੇ ਕਈ ਵਾਰ ਪਹੁੰਚ ਕੀਤੀ ਪਰ ਅਜੇ ਤੱਕ ਕੋਈ ਸਾਰਥਕ ਹੱਲ ਨਹੀਂ ਨਿਕਲਿਆ ਹੈ | ਪੀ. ਡਬਲਿਊ. ਡੀ. ਦੀ ਟੀਮ ਵਲੋਂ ਇਸ ਸਕੂਲ ਦੀ ਇਮਾਰਤ ਨੂੰ ਅਣਸੁਰੱਖਿਅਤ ਐਲਾਨੇ ਜਾਣ ਕਰਕੇ 2025 ਤੋਂ ਇਸ ਨੂੰ ਡਬਲ ਸ਼ਿਫਟ ਕਰ ਦਿੱਤਾ ਗਿਆ ਸੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਕ ਸਾਲ ਬੀਤ ਜਾਣ ਤੋਂ ਬਾਅਦ ਵੀ ਨਾਂ ਤਾਂ ਅਜੇ ਤੱਕ ਉਕਤ ਇਮਾਰਤ ਨੂੰ ਢਾਹਿਆ ਹੀ ਗਿਆ ਹੈ ਅਤੇ ਨਾ ਹੀ ਵਿਦਿਆਰਥੀਆਂ ਦੇ ਵਡੇਰੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਨਵੀਂ ਇਮਾਰਤ ਬਣਾਉਣ ਲਈ ਕੋਈ ਨਵੀਂ ਇੱਟ ਹੀ ਲਗਾਈ ਗਈ ਹੈ | ਹੁਣ ਜਿਥੇ ਪੰਜਾਬ ਦੇ ਸਾਰੇ ਸਕੂਲਾਂ 'ਚ ਨਵੇਂ ਦਾਖਲੇ ਹੋਏ ਹਨ ਉਥੇ ਹੀ ਇਸ ਸਕੂਲ 'ਚੋਂ ਬਹੁਤ ਸਾਰੇ ਬੱਚਿਆਂ ਵਲੋਂ ਆਪਣਾ ਨਾਂਅ ਕੱਟਵਾ ਲੈਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਦਕਿ ਵਿਦਿਆਰਥੀਆਂ ਦੀ ਗ਼ੈਰ ਹਾਜ਼ਰੀ ਇਸ ਤੋਂ ਕਿਤੇ ਜ਼ਿਆਦਾ ਦੱਸੀ ਜਾ ਰਹੀ ਹੈ | ਪਿਛਲੇ 2 ਸਾਲਾਂ ਤੋਂ ਇਸ ਸਕੂਲ 'ਚੋਂ ਬੱਚਿਆਂ ਦੀ ਗਿਣਤੀ ਤੇਜੀ ਨਾਲ ਘਟੀ ਹੈ, ਜਿਸ ਦਾ ਵੱਡਾ ਕਾਰਨ ਡਬਲ ਸ਼ਿਫਟ ਤੋਂ ਇਲਾਵਾ ਸਕੂਲ ਆਫ ਐਮੀਨੈਂਸ ਦੀ ਇਮਾਰਤ ਨਾ ਬਣਨਾ ਦੱਸਿਆ ਜਾ ਰਿਹਾ ਹੈ, ਇਸ ਇਮਾਰਤ ਦੇ ਨਕਸ਼ੇ ਤਾਂ ਲੰਮੇ ਸਮੇਂ ਤੋਂ ਕਾਗਜਾਂ ਤੇ ਉੱਕਰੇ ਹੋਏ ਹਨ ਪਰ ਹਕੀਕਤ 'ਚ ਕੁਝ ਨਜ਼ਰ ਨਹੀਂ ਆ ਰਿਹਾ ਹੈੈ |
ਇਸ ਸੰਬੰਧੀ ਸਰਪੰਚ ਸਰਦੂਲ ਸਿੰਘ, ਮੈਂਬਰ ਪੰਚਾਇਤ ਗੁਰਿੰਦਰ ਸਿੰਘ, ਗੁਰਮੇਜ ਸਿੰਘ ਨੇ ਮੰਗ ਕੀਤੀ ਕਿ ਬੱਚਿਆਂ ਦੀ ਸੁਰੱਖਿਆ ਅਤੇ ਪੜ੍ਹਾਈ ਨੂੰ ਧਿਆਨ 'ਚ ਰੱਖਦੇ ਹੋਏ ਇਸ ਸਕੂਲ ਨੂੰ ਸਿੰਗਲ ਸ਼ਿਫਟ ਕਰਕੇ ਸਕੂਲ ਆਫ਼ ਐਮੀਨੈਂਸ ਪ੍ਰੋਜੈਕਟ ਤਹਿਤ ਇਮਾਰਤ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇ | ਇਸ ਸੰਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਵਰਪਾਲ ਸਕੂਲ 'ਚ ਕਮਰਿਆਂ ਦੀ ਗਿਣਤੀ ਨੂੰ ਵਧਾਉਣ ਲਈ 4 ਨਵੇਂ ਕਮਰੇ ਬਣਾਉਣ ਲਈ ਲਿਖ ਕੇ ਭੇਜਿਆ ਗਿਆ ਜਦਕਿ ਬੱਚਿਆਂ ਦੀ ਪੜ੍ਹਾਈ ਅਤੇ ਮੌਜੂਦਾ ਹਾਲਾਤਾਂ ਨੂੰ ਧਿਆਨ 'ਚ ਰੱਖਦੇ ਹੋਏ ਸਕੂਲ ਨੂੰ ਮੁੜ ਸਿੰਗਲ ਸ਼ਿਫਟ ਕਰਨ ਦੀ ਪ੍ਰੀਕਿਰਿਆ ਚੱਲ ਰਹੀ ਹੈ | ਇਸ ਸੰਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਸੋਨਾਲੀ ਗਿਰੀ ਨੇ ਕਿਹਾ ਕਿ ਉਹ ਬੱਚਿਆਂ ਦੀ ਗਿਣਤੀ ਘਟਣ ਦੇ ਮਾਮਲੇ ਦੀ ਪੜਤਾਲ ਕਰਨਗੇ ਅਤੇ ਇਸ ਲਈ ਤੁਰੰਤ ਪ੍ਰਭਾਵ ਨਾਲ ਲੋੜੀਂਦੇ ਕਦਮ ਚੁੱਕੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਐੱਨ.ਸੀ.ਸੀ. ਨੇਵੀ ਵਿੰਗ ਨੇ ਵਿਸ਼ਵ ਰਚਨਾਤਮਕਤਾ ਤੇ ਨਵੀਨਤਾ ਦਿਵਸ ਮਨਾਇਆ <br/> ਅਗਲੀ ਖ਼ਬਰ ਮਨੀਪੁਰ 'ਚ ਲੁੱਟੇ ਹੋਏ ਹਥਿਆਰ ਕੁੱਕੀ ਜਨਜਾਤੀ ਦੇ ਲੋਕਾਂ ਨੂੰ ਹਲਾਕ ਕਰਨ ਲਈ ਵਰਤੇ ਜਾ ਰਹੇ ਹਨ-ਲਾਰੈਂਸ ਚੌਧਰੀ
Ad Position 24