ਅੰਮਿ੍ਤਸਰ, 24 ਮਈ (ਹਰਮਿੰਦਰ ਸਿੰਘ)-ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਈ ਹੈ | ਆਮ ਲੋਕ ਤਾਂ ਇਕ ਪਾਸੇ ਰਹੇ ਇੱਥੇ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਹਨ | ਇਹ ਪ੍ਰਗਟਾਵਾ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਮਜੀਠਾ ਵਿਧਾਨ ਸਭਾ ਹਲਕੇ ਦੇ ਪਿੰਡ ਹਮਜ਼ਾ 'ਚ ਡਿਊਟੀ ਦੌਰਾਨ ਅਪਰਾਧੀਆਂ ਵਲੋਂ ਅੰਮਿ੍ਤਸਰ ਟ੍ਰੈਫਿਕ ਪੁਲਿਸ 'ਚ ਤਾਇਨਾਤ ਏ. ਐੱਸ. ਆਈ. ਜੋਗਾ ਸਿੰਘ ਦੀ ਦਿਨ-ਦਿਹਾੜੇ ਬੇਰਹਿਮੀ ਨਾਲ ਹੱਤਿਆ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਇਹ ਘਟਨਾ ਨੂੰ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਪੰਜਾਬ ਵਿਚ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੇ ਖੁਦ ਅਸੁਰੱਖਿਅਤ ਹਨ | ਸੰਧੂ ਨੇ ਕਿਹਾ ਕਿ 'ਆਪ' ਸਰਕਾਰ ਅਧੀਨ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੋ ਗਈ ਹੈ , ਸਥਿਤੀ ਇੰਨੀ ਬੇਕਾਬੂ ਹੋ ਗਈ ਹੈ ਕਿ ਕਾਨੂੰਨ ਲਾਗੂ ਕਰਨ ਵਾਲਿਆਂ ਦਾ ਸ਼ਰੇਆਮ ਕਤਲ ਕੀਤਾ ਜਾ ਰਿਹਾ ਹੈ | ਹਾਲਾਤ ਇਹ ਹਨ ਕਿ ਪੁਲਿਸ ਨੇ ਆਪਣੇ ਥਾਣਿਆਂ ਵਿਚ ਧਾਤ ਦੀਆਂ ਸਲਾਖਾਂ ਅਤੇ ਲੋਹੇ ਦੀਆਂ ਸਲਾਖਾਂ ਲਗਾ ਦਿੱਤੀਆਂ ਹਨ, ਅਤੇ ਜਿਵੇਂ ਹੀ ਰਾਤ ਪੈਂਦੀ ਹੈ, ਅਧਿਕਾਰੀ ਆਪਣੇ ਆਪ ਨੂੰ ਅੰਦਰ ਬੰਦ ਕਰ ਲੈਂਦੇ ਹਨ | ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਿੱਥੇ ਪੁਲਿਸ ਅਸੁਰੱਖਿਅਤ ਮਹਿਸੂਸ ਕਰਦੀ ਹੈ, ਉੱਥੇ ਲੋਕਾਂ ਨੂੰ ਰੱਬ ਆਸਰੇ ਛੱਡ ਦਿੱਤਾ ਗਿਆ ਹੈ | ਇਹ ਉਹੀ ਪੁਲਿਸ ਫੋਰਸ ਹੈ ਜਿਸਨੇ 1984 ਦੇ ਕਾਲੇ ਸਮੇਂ ਨੂੰ ਬਹਾਦਰੀ ਨਾਲ ਖਤਮ ਕੀਤਾ ਸੀ, ਪਰ ਮਾਨ ਸਰਕਾਰ ਨੇ ਉਨ੍ਹਾਂ ਦੇ ਮਨੋਬਲ ਨੂੰ ਤੋੜ ਦਿੱਤਾ ਹੈ | ਅੱਜ ਪੰਜਾਬ ਵਿਚ ਕਤਲ, ਗੈਂਗਸਟਰਵਾਦ, ਡਕੈਤੀਆਂ, ਜਬਰੀ ਵਸੂਲੀ ਅਤੇ ਅਪਰਾਧ ਸਿਖਰ 'ਤੇ ਪਹੁੰਚ ਗਏ ਹਨ | ਇਸ ਮੌਕੇ ਭਾਜਪਾ ਕੌਂਸਲਰ ਦਲ ਦੇ ਆਗੂ ਗੌਰਵ ਗਿੱਲ, ਸੁਮਿਤ ਸੇਠ ਅਤੇ ਹੋਰ ਵੀ ਮੌਜੂਦ ਸਨ |
ਪੰਜਾਬ 'ਚ ਲੋਕ ਸੁਰੱਖਿਅਤ ਕਿੱਥੇ ਹੋਣਗੇ ਜਿੱਥੇ ਪੁਲਿਸ ਵੀ ਸੁਰੱਖਿਅਤ ਨਹੀਂ- ਸੰਧੂ
ਅਜੀਤ ਡੈਸਕ
25-05-2026