ਸੰਬੋਧਨ ਕਰਦੇ ਹੋਏ ਸ਼ਾਹਬਾਜ਼ ਸ਼ਰੀਫ਼ | ਤਸਵੀਰ ਰਾਹੀਂ : ਸੁਰਿੰਦਰ ਕੋਛੜ
ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੱਖ-ਵੱਖ ਮੁਲਕਾਂ ਅੱਗੇ ਝੋਲੀ ਅੱਡ ਕੇ ਕਰਜ਼ਾ ਲੈਣ ਦੀ ਬਜਾਇ ਹੁਣ ਉਧਾਰ ਲੈਣ ਦੀ ਤਕਨੀਕ ਬਦਲ ਲਈ ਹੈ | ਅੱਜ ਚੀਨੀ ਸ਼ਹਿਰ ਹਾਂਗਜ਼ੂ ਵਿਖੇ ਪਾਕਿਸਤਾਨ-ਚੀਨ ਬੀ-2-ਬੀ ਨਿਵੇਸ਼ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਕਿ ਕਰਜ਼ਿਆਂ ਤੇ ਸਹਾਇਤਾ ਦੀ ਬਜਾਏ ਮੁਹਾਰਤ, ਤਜਰਬਾ ਤੇ ਨਿਵੇਸ਼ ਦੀ ਮੰਗ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਚੀਨੀ ਸਹਾਇਤਾ ਤੇ ਸਹਿਯੋਗ ਨਾਲ ਪਾਕਿ ਗੁਣਵੱਤਾ ਅਤੇ ਹੋਰ ਮਿਆਰਾਂ ਦੇ ਮਾਮਲੇ 'ਚ ਚੀਨੀ ਜ਼ਰੂਰਤਾਂ ਦੇ ਅਨੁਸਾਰ ਖੇਤੀਬਾੜੀ ਉਤਪਾਦ ਪੈਦਾ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਪਾਕਿ ਨੂੰ ਬੀਜ, ਮਸ਼ੀਨਰੀ ਤੇ ਵਧੀਆ ਖੇਤੀਬਾੜੀ ਅਭਿਆਸਾਂ, ਮੁਹਾਰਤ ਅਤੇ ਨਿਵੇਸ਼ ਦੀ ਜ਼ਰੂਰਤ ਹੈ, ਉਮੀਦ ਹੈ ਕਿ ਅਗਲੇ ਪੰਜ ਤੋਂ ਸੱਤ ਸਾਲਾਂ 'ਚ ਪਾਕਿਸਤਾਨ ਚੀਨ ਨੂੰ ਆਪਣੇ ਖੇਤੀਬਾੜੀ ਨਿਰਯਾਤ ਵਿਚ ਲਗਪਗ 10 ਅਰਬ ਡਾਲਰ ਦਾ ਵਾਧਾ ਕਰੇਗਾ | ਉਨ੍ਹਾਂ ਖੇਤੀਬਾੜੀ, ਸੂਚਨਾ ਤਕਨਾਲੋਜੀ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਖੇਤਰਾਂ ਵਿਚ ਆਪਸੀ ਸਹਿਯੋਗ ਨੂੰ ਹੋਰ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਪਾਕਿ ਇਕ ਸੱਚੇ ਦੋਸਤ ਵਜੋਂ ਚੀਨ ਦੀਆਂ ਪ੍ਰਾਪਤੀਆਂ 'ਤੇ ਮਾਣ ਕਰਦਾ ਹੈ | ਉਨ੍ਹਾਂ ਨੇ ਕਿਹਾ ਕਿ ਚੀਨ ਹਰ ਸਾਲ 100 ਅਰਬ ਡਾਲਰ ਦੇ ਖੇਤੀਬਾੜੀ ਉਤਪਾਦ ਆਯਾਤ ਕਰਦਾ ਹੈ, ਜਦੋਂ ਕਿ ਇਨ੍ਹਾਂ ਆਯਾਤਾਂ 'ਚ ਪਾਕਿਸਤਾਨ ਦਾ ਹਿੱਸਾ ਸਿਰਫ ਇਕ ਛੋਟਾ ਜਿਹਾ ਹੈ | ਸ਼ਰੀਫ ਨੇ ਕਿਹਾ ਕਿ ਸਰਕਾਰ ਨੇ ਬੰਦਰਗਾਹ ਸ਼ਹਿਰ ਕਰਾਚੀ 'ਚ 6 ਹਜ਼ਾਰ ਏਕੜ ਵਿਚ ਫ਼ੈਲਿਆ ਵਿਸ਼ੇਸ਼ ਆਰਥਿਕ ਜ਼ੋਨ ਸਥਾਪਤ ਕੀਤਾ ਹੈ | ਉਨ੍ਹਾਂ ਨੇ ਚੀਨੀ ਨਿਵੇਸ਼ਕਾਂ ਨੂੰ ਬਹੁਤ ਹੀ ਆਕਰਸ਼ਕ ਨਿਯਮਾਂ ਅਤੇ ਸ਼ਰਤਾਂ 'ਤੇ ਲੰਬੇ ਸਮੇਂ ਦੇ ਲੀਜ਼ 'ਤੇ ਜ਼ਮੀਨ ਦੀ ਪੇਸ਼ਕਸ਼ ਕੀਤੀ |
ਪਾਕਿ ਨੇ ਬਦਲੀ ਉਧਾਰ ਲੈਣ ਦੀ ਤਕਨੀਕ
ਅਜੀਤ ਡੈਸਕ
25-05-2026