ਸੁਲਤਾਨਵਿੰਡ, 27 ਮਈ (ਗੁਰਨਾਮ ਸਿੰਘ ਬੁੱਟਰ)-ਹਲਕਾ ਦੱਖਣੀ ਦੇ ਅਧੀਨ ਆਉਂਦੀ ਪੱਤੀ ਬਹਿਣੀਵਾਲ (ਪਿੰਡ ਸੁਲਤਾਨਵਿੰਡ) ਵਿਖੇ ਸਰਕਾਰੀ ਕਣਕ ਨਾ ਮਿਲਣ ਕਾਰਨ ਇਲਾਕਾ ਵਾਸੀਆਂ ਦਾ ਗੁੱਸਾ ਫੁੱਟ ਪਿਆ | ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਡੀਪੂ ਹੋਲਡਰ ਖਿਲਾਫ਼ ਜੰਮ ਕੇ ਭੜਾਸ ਕੱਢੀ ਅਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਜੱਸਾ, ਪਰਮਜੀਤ ਸਿੰਘ, ਸਤਨਾਮ ਸਿੰਘ, ਅਮਨਦੀਪ ਸਿੰਘ ਬੰਟੀ, ਰਮੇਸ਼ ਸਿੰਘ, ਪ੍ਰਭਜੋਤ ਸਿੰਘ, ਕਰਨਪ੍ਰੀਤ ਸਿੰਘ, ਬੀਬੀ ਗੁਰਮੀਤ ਕੌਰ, ਮਨਜੀਤ ਕੌਰ, ਬਲਵਿੰਦਰ ਕੌਰ, ਹਰਪ੍ਰੀਤ ਕੌਰ, ਹਰਮਨਪ੍ਰੀਤ ਕੌਰ ਅਤੇ ਅਮਨਪ੍ਰੀਤ ਕੌਰ ਆਦਿ ਨੇ ਡੀਪੂ ਹੋਲਡਰ 'ਤੇ ਗੰਭੀਰ ਦੋਸ਼ ਲਾਏ | ਉਨ੍ਹਾਂ ਕਿਹਾ ਕਿ ਡੀਪੂ ਹੋਲਡਰ ਜਸਵਿੰਦਰ ਸਿੰਘ ਵਲੋਂ ਗਰੀਬ ਲੋਕਾਂ ਲਈ ਸਰਕਾਰ ਵਲੋਂ ਭੇਜੀ ਜਾਣ ਵਾਲੀ ਕਣਕ ਨਹੀਂ ਵੰਡੀ ਜਾ ਰਹੀ | ਜਦੋਂ ਵੀ ਕੋਈ ਨਿਵਾਸੀ ਕਣਕ ਲੈਣ ਜਾਂਦਾ ਹੈ, ਤਾਂ ਅੱਗੋਂ ਡੀਪੂ ਹੋਲਡਰ ਟਕਾ ਕੇ ਜਵਾਬ ਦੇ ਦਿੰਦਾ ਹੈ ਕਿ 'ਅਜੇ ਕਣਕ ਨਹੀਂ ਆਈ, ਕੱਲ੍ਹ ਆਉਣਾ' | ਲੋਕਾਂ ਨੇ ਦੱਸਿਆ ਕਿ ਕਣਕ ਲੈਣ ਲਈ ਪਰਚੀਆਂ ਤਾਂ ਕੱਟ ਦਿੱਤੀਆਂ ਜਾਂਦੀਆਂ ਹਨ, ਪਰ ਬਾਅਦ ਵਿਚ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ | ਡੀਪੂ ਹੋਲਡਰ ਵਲੋਂ ਸਿਰਫ਼ ਲਾਰੇ-ਲੱਪੇ ਲਾ ਕੇ ਇਲਾਕਾ ਵਾਸੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਖ਼ੁਆਰ ਕੀਤਾ ਜਾ ਰਿਹਾ ਹੈ | ਪੀੜਤ ਲੋਕਾਂ ਨੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਗਰੀਬਾਂ ਨੂੰ ਉਨ੍ਹਾਂ ਦਾ ਬਣਦਾ ਹੱਕ (ਰਾਸ਼ਨ) ਜਲਦ ਤੋਂ ਜਲਦ ਦਿਵਾਇਆ ਜਾਵੇ, ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲ ਸਕੇ | ਜਦੋਂ ਇਸ ਸਬੰਧੀ ਡੀਪੂ ਹੋਲਡਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਰਿਆਂ ਨੂੰ ਕਣਕ ਵੰਡੀ ਜਾ ਰਹੀ ਹੈ |