ਅੰਮਿ੍ਤਸਰ, 31 ਮਈ (ਰਾਜੇਸ਼ ਕੁਮਾਰ ਸ਼ਰਮਾ)-ਫੁਲਕਾਰੀ ਵੂਮੈਨ ਆਫ਼ ਅੰਮਿ੍ਤਸਰ ਵਲੋਂ ਤਾਜ ਸਵਰਣਾ ਵਿਖੇ ਸਮਾਗਮ ਕਰਵਾਇਆ ਗਿਆ, ਜਿਸ 'ਚ ਪ੍ਰਸਿੱਧ ਸ਼ੈੱਫ਼ ਵਿਕਾਸ ਖੰਨਾ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ | ਇਸ ਮੌਕੇ ਅੰਮਿ੍ਤਸਰ ਦੀਆਂ 250 ਤੋਂ ਵੱਧ ਪ੍ਰਮੁੱਖ ਮਹਿਲਾਵਾਂ, ਨਾਗਰਿਕ ਪ੍ਰਤੀਨਿਧੀਆਂ, ਸੰਸਥਾਗਤ ਮੁਖੀਆਂ, ਉਦਯੋਗ ਜਗਤ ਦੇ ਮੈਂਬਰਾਂ ਤੇ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ | ਸਮਾਗਮ ਦਾ ਸੰਵਾਦ ਫੁਲਕਾਰੀ ਕੋ-ਐਕਟਿਵਿਟੀ ਚੇਅਰਜ਼ ਵਿਨੀਤ ਉੱਪਲ ਅਤੇ ਪਿ੍ਯੰਕਾ ਗੋਯਲ ਵਲੋਂ ਸੰਚਾਲਿਤ ਕੀਤਾ ਗਿਆ, ਜਦਕਿ ਮੰਚ ਸੰਚਾਲਨ ਨੂਪੁਰ ਕਪੂਰ ਨੇ ਕੀਤਾ | ਸੰਵਾਦ ਦੌਰਾਨ ਸ਼ੈਫ਼ ਵਿਕਾਸ ਖੰਨਾ ਦੇ ਅੰਮਿ੍ਤਸਰ 'ਚ ਬਿਤਾਏ ਸ਼ੁਰੂਆਤੀ ਸਾਲਾਂ, ਪਰਿਵਾਰਕ ਅਤੇ ਸੱਭਿਆਚਾਰਕ ਪ੍ਰਭਾਵਾਂ ਅਤੇ ਵਿਸ਼ਵ ਪੱਧਰ ਤੱਕ ਪਹੁੰਚਣ ਵਾਲੇ ਉਨ੍ਹਾਂ ਦੇ ਸਫ਼ਰ ਬਾਰੇ ਚਰਚਾ ਕੀਤੀ ਗਈ | ਸ਼ੈੱਫ ਵਿਕਾਸ ਖੰਨਾ ਨੇ ਕਿਹਾ ਕਿ ਭੋਜਨ ਸਿਰਫ਼ ਸੁਆਦ ਤੱਕ ਸੀਮਿਤ ਨਹੀਂ, ਸਗੋਂ ਯਾਦ, ਸੱਭਿਆਚਾਰ, ਦਇਆ ਅਤੇ ਸਮੁਦਾਇ ਨਾਲ ਡੂੰਘੇ ਤੌਰ 'ਤੇ ਜੁੜਿਆ ਹੋਇਆ ਮਾਧਿਅਮ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਨੇ ਮੇਰੀ ਪਹਿਚਾਣ, ਮੇਰੇ ਕੰਮ ਅਤੇ ਭੋਜਨ ਨੂੰ ਸੇਵਾ ਅਤੇ ਜੋੜ ਦੇ ਮਾਧਿਅਮ ਵਜੋਂ ਦੇਖਣ ਦੀ ਮੇਰੀ ਸਮਝ ਨੂੰ ਆਕਾਰ ਦਿੱਤਾ ਹੈ | ਆਪਣੇ ਸ਼ਹਿਰ ਵਾਪਸ ਆ ਕੇ ਫੁਲਕਾਰੀ ਨਾਲ ਸੰਵਾਦ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ | ਫੁਲਕਾਰੀ ਦੇ ਸੰਸਥਾਪਕ ਪ੍ਰਨੀਤ ਬੱਬਰ ਤੇ ਪ੍ਰਧਾਨ ਕਵਿਤਾ ਕਾਹਲੋਂ ਨੇ ਕਿਹਾ ਕਿ ਸ਼ੈੱਫ਼ ਵਿਕਾਸ ਖੰਨਾ ਦਾ ਅੰਮਿ੍ਤਸਰ ਤੋਂ ਵਿਸ਼ਵ ਮੰਚ ਤੱਕ ਦਾ ਸਫ਼ਰ ਸ਼ਹਿਰ ਲਈ ਬੇਹੱਦ ਮਾਣ ਦਾ ਵਿਸ਼ਾ ਹੈ | ਉਨ੍ਹਾਂ ਦਾ ਜੀਵਨ ਅਤੇ ਕੰਮ ਦਿ੍ੜਤਾ, ਸੇਵਾ, ਰਚਨਾਤਮਕਤਾ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦੇ ਮੁੱਲਾਂ ਨੂੰ ਦਰਸਾਉਂਦਾ ਹੈ | ਇਸ ਮੌਕੇ ਫੁਲਕਾਰੀ ਸੰਸਥਾ ਵਲੋਂ ਸ਼ੈੱਫ਼ ਵਿਕਾਸ ਖੰਨਾ, ਉਨ੍ਹਾਂ ਦੀ ਮਾਤਾ ਸ੍ਰੀਮਤੀ ਬਿੰਦੂ ਖੰਨਾ ਅਤੇ ਭਰਾ ਨਿਸ਼ਾਂਤ ਖੰਨਾ ਨੂੰ ਹੱਥ ਨਾਲ ਤਿਆਰ ਕੀਤੀ ਫੁਲਕਾਰੀ ਤੇ ਯਾਦਗਿਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ |