ਅੰਮਿ੍ਤਸਰ, 3 ਜੂਨ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਐਵਰੈਸਟ ਚੋਟੀ ਫ਼ਤਹਿ ਕਰਨ ਵਾਲੇ ਪਹਿਲੇ ਕੈਨੇਡੀਅਨ ਸਿੱਖ ਸਰੀ ਨਿਵਾਸੀ ਪੰਜਾਬੀ ਵਕੀਲ ਅਤੇ ਫ਼ਰੀਦਕੋਟ ਦੇ ਪਿੰਡ ਕਾਸਮ ਭੱਟੀ ਦੇ ਜੰਮਪਲ ਅਜੈਪਾਲ ਸਿੰਘ ਧਾਲੀਵਾਲ ਨੂੰ ਸਿਰੋਪਾਓ, ਦੋਸ਼ਾਲਾ ਅਤੇ ਸ੍ਰੀ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ | ਬੁੱਢਾ ਦਲ ਦੀ ਸਥਾਨਕ ਛਾਉਣੀ ਨਿਹੰਗ ਸਿੰਘਾਂ ਤੋਂ ਪਰਮਜੀਤ ਸਿੰਘ ਬਾਜਵਾ ਦੁਆਰਾ ਜਾਰੀ ਬਿਆਨ ਵਿਚ ਜਥੇਦਾਰ 96 ਕਰੋੜੀ ਨੇ ਕਿਹਾ ਕਿ ਸ. ਅਜੈਪਾਲ ਸਿੰਘ ਨੇ ਐਵਰੈਸਟ ਚੋਟੀ ਸਰ ਕਰ ਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਇਨ੍ਹਾਂ ਦੀ ਕਾਮਯਾਬੀ ਅਸਾਧਾਰਨ ਹਾਲਾਤ ਵਿਚ ਅਟੁੱਟ ਵਿਸ਼ਵਾਸ ਅਤੇ ਜ਼ਿੰਦਾ ਦਿਲੀ ਦੀ ਮਿਸਾਲ ਹੈ | ਉਨ੍ਹਾਂ ਦੱਸਿਆ ਕਿ ਅਜੈਪਾਲ ਸਿੰਘ ਜਦੋਂ ਐਵਰੈਸਟ ਦੀ ਚੋਟੀ 'ਤੇ ਪਹੁੰਚੇ ਤਾਂ ਉਨ੍ਹਾਂ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ 'ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ' ਲਿਖੀ ਤਖ਼ਤੀ ਲਹਿਰਾਈ | ਜਥੇਦਾਰ 96 ਕਰੋੜੀ ਨੇ ਅਜੈਪਾਲ ਸਿੰਘ ਦੇ ਸੁਨਹਿਰੇ ਭਵਿੱਖ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਐਡਵੋਕੇਟ ਕਰਨਰਾਜਬੀਰ ਸਿੰਘ, ਬਾਬਾ ਗੁਰਮੁਖ ਸਿੰਘ ਤੇ ਬਾਬਾ ਸੁਖਦੇਵ ਸਿੰਘ ਆਦਿ ਵੀ ਹਾਜ਼ਰ ਸਨ |