ਛੇਹਰਟਾ, 7 ਜੂਨ (ਪੱਤਰ ਪ੍ਰੇਰਕ)-ਸਾਬਕਾ ਸੈਨਿਕ ਕਿਸਾਨ ਮਜ਼ਦੂਰ ਕਮੇਟੀ (ਅ) ਪੰਜਾਬ ਦੇ ਸਰਪ੍ਰਸਤ ਸੂਬੇਦਾਰ ਸੇਵਾ ਸਿੰਘ, ਸੀਨੀਅਰ ਮੀਤ ਪ੍ਰਧਾਨ ਧਰਮਜੀਤ ਸਿੰਘ ਚੇਅਰਮੈਨ ਕੇਵਲ ਸਿੰਘ, ਪੰਜਾਬ ਪ੍ਰਧਾਨ ਤਸਬੀਰ ਸਿੰਘ ਥਾਂਦਾ, ਜ਼ਿਲ੍ਹਾ ਪ੍ਰਧਾਨ/ਜਰਨਲ ਸਕੱਤਰ ਹੈਦਰ ਸਿੰਘ, ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਅਵਤਾਰ ਸਿੰਘ, ਲੀਗਲ ਵਿੰਗ ਅਤੇ ਜ਼ੋਨਲ ਬਲਾਕ ਪ੍ਰਧਾਨ ਸਰਬਜੀਤ ਸਿੰਘ ਵਿਰਕ (ਜਾਣੀਆਂ) ਦੀ ਰਹਿਨੁਮਾਈ ਹੇਠ ਦੂਰ-ਦੂਰ ਤੋਂ ਪਹੁੰਚੇ ਆਗੂਆਂ ਅਤੇ ਮੈਂਬਰਾਂ ਨੇ ਘੱਲੂਘਾਰਾ ਦਿਨਾਂ ਵਿਚ ਸ਼ਹੀਦ ਹੋਈਆਂ ਸੰਗਤਾਂ ਅਤੇ ਜਵਾਨਾਂ ਨੂੰ ਕਬੀਰ ਪਾਰਕ ਵਿਖੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ | ਇਸ ਉਪਰੰਤ ਛੇਹਰਟਾ ਚੌਂਕ ਤੋਂ ਭੰਡਾਰੀ ਪੁਲ ਰਾਹੀਂ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਇਕ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ ਤੇ ਰੋਸ ਮਾਰਚ ਦੌਰਾਨ ਕਾਨੂੰਨ ਅਤੇ ਸ਼ਾਂਤੀ ਦੀ ਪੂਰੀ ਪਾਲਣਾ ਕੀਤੀ ਗਈ | ਇਸ ਮੌਕੇ ਚੇਅਰਮੈਨ ਕੇਵਲ ਸਿੰਘ ਨੇ ਸਿੱਖ ਇਤਿਹਾਸ ਵਿਚ ਵਾਪਰੇ ਤਿੰਨ ਘੱਲੂਘਾਰਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਸਰਪ੍ਰਸਤ ਸੂਬੇਦਾਰ ਸੇਵਾ ਸਿੰਘ ਨੇ ਸਿੱਖ ਕੌਮ ਉੱਤੇ ਹੋਏ ਅੱਤਿਆਚਾਰਾਂ ਦਾ ਜਿਕਰ ਕਰਦਿਆਂ ਕਿਹਾ ਕਿ ਜੂਨ 1984 ਦਾ ਸਾਕਾ ਸਿੱਖ ਇਤਿਹਾਸ ਦਾ ਅਜਿਹਾ ਦੁਖਦਾਈ ਅਧਿਆਇ ਹੈ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਤੀਜਾ ਘੱਲੂਘਾਰਾ ਵਿਲੱਖਣ ਸੀ ਕਿਉਂਕਿ ਇਸ ਵਿਚ ਹਮਲਾਵਰ ਕੋਈ ਬਾਹਰੀ ਤਾਕਤ ਨਹੀਂ ਸੀ, ਸਗੋਂ ਆਪਣੇ ਹੀ ਦੇਸ਼ ਦੀ ਸਰਕਾਰ ਵਲੋਂ ਸਿੱਖਾਂ ਦੇ ਸਰਵੋਚ ਧਾਰਮਿਕ ਅਸਥਾਨ 'ਤੇ ਫੌਜੀ ਕਾਰਵਾਈ ਕੀਤੀ ਗਈ | ਉਨ੍ਹਾਂ ਨੇ ਕਿਹਾ ਕਿ ਚਮਕੌਰ ਦੀ ਗੜ੍ਹੀ ਤੋਂ ਪ੍ਰੇਰਨਾ ਲੈ ਕੇ ਸਿੰਘਾਂ ਨੇ ਅਦੁੱਤੀ ਹਿੰਮਤ ਅਤੇ ਬਹਾਦਰੀ ਦਾ ਪ੍ਰਗਟਾਵਾ ਕੀਤਾ, ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਬਹੁਤ ਘੱਟ ਮਿਲਦੀ ਹੈ | ਪੰਜਾਬ ਪ੍ਰਧਾਨ ਤਸਬੀਰ ਸਿੰਘ ਥਾਂਦਾ ਨੇ ਕਿਹਾ ਕਿ 6 ਜੂਨ ਦਾ ਦਿਨ ਸਿੱਖ ਕੌਮ ਲਈ ਗਹਿਰੇ ਦੁੱਖ ਦਾ ਦਿਨ ਹੈ | ਉਨ੍ਹਾਂ ਕਿਹਾ ਕਿ ਸਿੱਖ ਇਸ ਦੇਸ਼ ਦੇ ਬਰਾਬਰ ਦੇ ਨਾਗਰਿਕ ਹਨ ਤੇ ਹਮੇਸ਼ਾ ਆਪਣੀ ਅਣਖ, ਪਛਾਣ ਅਤੇ ਧਾਰਮਿਕ ਪਰੰਪਰਾਵਾਂ ਨੂੰ ਕਾਇਮ ਰੱਖਦੇ ਆਏ ਹਨ | ਉਨ੍ਹਾਂ ਕਿਹਾ ਕਿ ਸਿੱਖਾਂ ਦੀ ਵਿਲੱਖਣ ਪਛਾਣ ਅਤੇ ਪੰਜ ਕਕਾਰਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਹੋਈਆਂ ਅਤੇ ਅੱਜ ਵੀ ਵੱਖ-ਵੱਖ ਰੂਪਾਂ ਵਿਚ ਵੇਖਣ ਨੂੰ ਮਿਲਦੀਆਂ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਿੱਖਾਂ ਦਾ ਹੋਮਲੈਂਡ ਹੈ ਅਤੇ ਦੁਨੀਆ ਭਰ ਵਿਚ ਵਸਦੇ ਸਿੱਖਾਂ ਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਜੋੜਨ ਅਤੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਲੈ ਕੇ ਆਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਵਿਰਸੇ ਅਤੇ ਇਤਿਹਾਸ ਤੋਂ ਜਾਣੂ ਰਹਿ ਸਕਣ | ਮੁੱਖ ਬੁਲਾਰੇ ਅਵਤਾਰ ਸਿੰਘ ਨੇ ਸਮਾਗਮ ਵਿਚ ਪਹੁੰਚੇ ਸਮੂਹ ਅਹੁਦੇਦਾਰਾਂ, ਮੈਂਬਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਅੱਜ ਦੇ ਵੱਡੇ ਇਕੱਠ ਨੇ ਇਹ ਸੰਦੇਸ਼ ਦਿੱਤਾ ਹੈ ਕਿ ਸਾਬਕਾ ਸੈਨਿਕ ਅਤੇ ਸਿੱਖ ਸੰਗਤਾਂ ਇਕਜੁੱਟ ਹਨ | ਉਨ੍ਹਾਂ ਸਾਰਿਆਂ ਨੂੰ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ |