ਅਜਨਾਲਾ, 7 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਚਲਾਈ ਜਾ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ.) ਮੁਹਿੰਮ ਤਹਿਤ ਅੱਜ ਹਲਕਾ ਅਜਨਾਲਾ ਦੇ ਸਮੂਹ 188 ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾਏ ਗਏ | ਕੈਂਪਾਂ ਦੌਰਾਨ ਵੋਟਰ ਸੂਚੀਆਂ ਦੀ ਸੁਧਾਈ ਅਤੇ ਸਾਲ 2003 ਦੇ ਵੋਟਰਾਂ ਦੀ ਮੈਪਿੰਗ ਸੰਬੰਧੀ ਕੰਮ ਕੀਤੇ ਗਏ | ਚੋਣਕਾਰ ਅਫ਼ਸਰ-ਕਮ-ਐੱਸ.ਡੀ.ਐੱਮ. ਅਜਨਾਲਾ ਡਾ. ਚਾਰੂਮਿਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੱਗੇ ਇਨ੍ਹਾਂ ਕੈਂਪਾਂ ਵਿਚ ਹਲਕੇ ਦੇ ਸਾਰੇ ਬੀ.ਐਲ.ਓਜ਼ ਨੇ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਆਪਣੇ-ਆਪਣੇ ਬੂਥਾਂ 'ਤੇ ਡਿਊਟੀ ਪੂਰੀ ਜ਼ਿਮੇਵਾਰੀ ਨਾਲ ਨਿਭਾਈ ਅਤੇ ਵੋਟਰਾਂ ਨਾਲ ਸੰਬੰਧਿਤ ਕੰਮਾਂ ਦਾ ਨਿਪਟਾਰਾ ਕੀਤਾ | ਇਸ ਦੌਰਾਨ ਐੱਸ.ਡੀ.ਐੱਮ. ਡਾ. ਚਾਰੂਮਿਤਾ ਨੇ ਖ਼ੁਦ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਅਤੇ ਬੀ.ਐੱਲ.ਓਜ਼ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੰਮ ਨੂੰ ਪਾਰਦਰਸ਼ੀ ਅਤੇ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ | 'ਅਜੀਤ' ਨਾਲ ਗੱਲਬਾਤ ਕਰਦਿਆਂ ਐੱਸ.ਡੀ.ਐੱਮ. ਡਾ. ਚਾਰੂਮਿਤਾ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਸ਼ੁੱਧਤਾ ਯਕੀਨੀ ਬਣਾਉਣ ਲਈ ਇਹ ਮੁਹਿੰਮ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਸੰਬੰਧੀ ਵੇਰਵਿਆਂ ਦੀ ਜਾਂਚ ਕਰਵਾਉਣ ਅਤੇ ਲੋੜ ਪੈਣ 'ਤੇ ਸੋਧ, ਨਾਮ ਦਰਜ ਕਰਵਾਉਣ ਜਾਂ ਹੋਰ ਸੰਬੰਧਿਤ ਕੰਮਾਂ ਲਈ ਬੀ.ਐਲ.ਓਜ਼ ਨਾਲ ਸੰਪਰਕ ਕਰਨ | ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦਾ ਮਕਸਦ ਹਰ ਯੋਗ ਨਾਗਰਿਕ ਦਾ ਨਾਮ ਵੋਟਰ ਸੂਚੀ ਵਿਚ ਸ਼ਾਮਿਲ ਕਰਨਾ ਅਤੇ ਸੂਚੀਆਂ ਨੂੰ ਪੂਰੀ ਤਰ੍ਹਾਂ ਅਪਡੇਟ ਰੱਖਣਾ ਹੈ, ਜਿਸ ਲਈ ਪ੍ਰਸ਼ਾਸਨ ਵਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਅੱਜ ਹਲਕਾ ਅਜਨਾਲਾ ਦੇ ਸਾਰੇ ਬੂਥਾਂ 'ਤੇ ਕੈਂਪ ਸੁਚਾਰੂ ਢੰਗ ਨਾਲ ਚੱਲੇ ਅਤੇ ਲੋਕਾਂ ਨੇ ਵੀ ਵਧੀਆ ਸਹਿਯੋਗ ਦਿੱਤਾ | ਇਸ ਮੌਕੇ ਚੋਣ ਕਾਨੂੰਨਗੋ ਸੰਜੀਵ ਕੁਮਾਰ ਰਮਦਾਸ, ਸੁਪਰਵਾਈਜ਼ਰ ਗੁਰਿੰਦਰ ਸਿੰਘ, ਬੀ.ਐੱਲ.ਓ ਸੁਰਿੰਦਰਪਾਲ ਆਦਿ ਹਾਜ਼ਰ ਸਨ |