ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਦੌਰਾਨ ਦੁਕਾਨਦਾਰਾਂ ਦਾ ਸੜਕ ਦੀ ਜਗ੍ਹਾ 'ਤੇ ਪਿਆ ਸਾਮਾਨ ਚੁੱਕਦੇ ਹੋਏ ਨਿਗਮ ਮੁਲਾਜ਼ਮ | ਤਸਵੀਰਾਂ : ਹਰਜੀਤ ਸਿੰਘ
ਅੰਮਿ੍ਤਸਰ, 8 ਜੂਨ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਸਟੇਟ ਵਿਭਾਗ ਵਲੋਂ ਵਧੀਕ ਕਮਿਸ਼ਨਰ ਡਾ. ਜੈ ਇੰਦਰ ਸਿੰਘ ਅਤੇ ਸਕੱਤਰ-ਕਮ-ਐਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਦੀ ਨਿਗਰਾਨੀ ਹੇਠ ਨਾਜਾਇਜ਼ ਕਬਜ਼ਿਆਂ ਦੇ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ | ਇਹ ਕਾਰਵਾਈ ਐਸਟੇਟ ਵਿਭਾਗ ਵਲੋਂ ਨਗਰ ਨਿਗਮ ਦੇ ਪੁਲਿਸ ਵਿੰਗ ਦੇ ਸਹਿਯੋਗ ਨਾਲ ਇੰਸਪੈਕਟਰ ਅਮਨ ਸ਼ਰਮਾ ਤੇ ਇੰਸਪੈਕਟਰ ਪ੍ਰੀਤੀ ਚੌਹਾਨ ਦੀ ਅਗਵਾਈ ਹੇਠ ਕੀਤੀ ਗਈ | ਮੁਹਿੰਮ ਦੌਰਾਨ ਫੋਰ ਐੱਸ ਚੌਂਕ ਤੋਂ ਨਾਵਲਟੀ ਚੌਂਕ, ਵੇਰਕਾ, ਮਕਬੂਲਪੁਰਾ ਚੌਂਕ ਤੋਂ ਗੋਲਡਨ ਗੇਟ ਤੱਕ ਸੜਕਾਂ, ਫੁੱਟਪਾਥਾਂ ਅਤੇ ਨਗਰ ਨਿਗਮ ਦੀ ਜ਼ਮੀਨ ਉੱਤੇ ਕੀਤੇ ਗਏ ਗ਼ੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਇਆ ਗਿਆ | ਮੁਹਿੰਮ ਦੌਰਾਨ ਕਈ ਅਸਥਾਈ ਕਬਜ਼ੇ, ਸਰਕਾਰੀ ਜਾਇਦਾਦ 'ਤੇ ਅਣ-ਅਧਿਕਾਰਤ ਵਾਧੇ ਅਤੇ ਪੈਦਲ ਯਾਤਰੀਆਂ ਅਤੇ ਟ੍ਰੈਫਿਕ ਦੀ ਆਵਾਜਾਈ ਵਿਚ ਰੁਕਾਵਟ ਪੈਦਾ ਕਰਨ ਵਾਲੀਆਂ ਰੁਕਾਵਟਾਂ ਨੂੰ ਦੂਰ ਕੀਤਾ ਗਿਆ | ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਨੂੰ ਸਰਕਾਰੀ ਥਾਵਾਂ ਨੂੰ ਕਬਜ਼ਾ-ਮੁਕਤ ਰੱਖਣ ਅਤੇ ਨਗਰ ਨਿਗਮ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ | ਨਗਰ ਨਿਗਮ ਕਮਿਸ਼ਨਰ ਨੇ ਦੁਹਰਾਇਆ ਕਿ ਉਹ ਸੁਚਾਰੂ ਟ੍ਰੈਫਿਕ ਪ੍ਰਬੰਧਨ, ਪੈਦਲ ਯਾਤਰੀਆਂ ਦੀ ਸੁਰੱਖਿਆ ਅਤੇ ਸਰਕਾਰੀ ਥਾਵਾਂ ਦੇ ਪ੍ਰਭਾਵਸ਼ਾਲੀ ਉਪਯੋਗ ਲਈ ਨਿਗਮ ਵਚਨਬੱਧ ਹੈ | ਉਨ੍ਹਾਂ ਨਾਗਰਿਕਾਂ ਅਤੇ ਵਪਾਰਕ ਅਦਾਰਿਆਂ ਵਾਲਿਆਂ ਨੂੰ ਸ਼ਹਿਰ ਨੂੰ ਸਾਫ਼-ਸੁਥਰਾ, ਸੁਵਿਧਾਜਨਕ ਅਤੇ ਕਬਜਾ-ਮੁਕਤ ਬਣਾਈ ਰੱਖਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ | ਨਗਰ ਨਿਗਮ ਨੇ ਕਿਹਾ ਕਿ ਸਰਕਾਰੀ ਜ਼ਮੀਨਾਂ ਦੀ ਸੁਰੱਖਿਆ ਅਤੇ ਬਿਹਤਰ ਸ਼ਹਿਰੀ ਪ੍ਰਬੰਧਨ ਲਈ ਅਜਿਹੀਆਂ ਮੁਹਿੰਮਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਨਿਯਮਿਤ ਤੌਰ 'ਤੇ ਜਾਰੀ ਰਹਿਣਗੀਆਂ |
ਨਗਰ ਨਿਗਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਾਜਾਇਜ਼ ਕਬਜ਼ਿਆਂ ਖਿਲਾਫ਼ ਮੁਹਿੰਮ ਚਲਾਈ
ਅਜੀਤ ਡੈਸਕ
09-06-2026