ਅੰਮਿ੍ਤਸਰ, 8 ਜੂਨ (ਸੁਰਿੰਦਰ ਕੋਛੜ)-ਘਰੇਲੂ ਐੱਲ. ਪੀ. ਜੀ. ਸਿਲੰਡਰ ਦੀ ਕੀਮਤ 'ਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਦੂਜੀ ਵਾਰ ਕੀਤੇ ਗਏ ਵਾਧੇ ਨੂੰ ਲੈ ਕੇ ਕੰਮਕਾਜੀ ਬੀਬੀਆਂ ਨੇ ਭਾਰੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਇਸ ਕਾਰਵਾਈ ਨੂੰ ਸਿੱਧੇ ਤੌਰ 'ਤੇ ਲੋਕਾਂ ਦੀਆਂ ਜੇਬਾਂ 'ਤੇ ਡਾਕਾ ਦੱਸਿਆ ਹੈ | ਦਰਅਸਲ, ਮਹਿੰਗਾਈ ਦੀ ਮਾਰ ਝੱਲ ਰਹੇ ਖਪਤਕਾਰਾਂ ਨੂੰ ਇਕ ਵਾਰ ਫਿਰ ਤੋਂ ਝਟਕਾ ਦਿੰਦਿਆਂ ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ 29 ਰੁਪਏ ਦਾ ਵਾਧਾ ਕੀਤਾ ਗਿਆ ਹੈ | ਇਸ ਤਰ੍ਹਾਂ ਨਾਲ ਪਿਛਲੇ ਤਿੰਨ ਮਹੀਨਿਆਂ 'ਚ ਗੈਸ ਸਿਲੰਡਰ ਕੁੱਲ 89 ਰੁਪਏ ਮਹਿੰਗਾ ਹੋਇਆ ਹੈ | ਇਸ ਮੁੱਦੇ 'ਤੇ ਗੱਲਬਾਤ ਕਰਦਿਆਂ ਸਥਾਨਕ ਮਜੀਠਾ ਰੋਡ ਦੀ ਆਬਾਦੀ ਗੋਪਾਲ ਨਗਰ 'ਚ ਰਹਿੰਦੀ ਬੀਬੀ ਅਮਨਦੀਪ ਕੌਰ ਸਿੰਮੀ ਨੇ ਕਿਹਾ ਕਿ ਨਵੀਆਂ ਦਰਾਂ ਦੇ ਲਾਗੂ ਹੋਣ ਨਾਲ ਪੰਜਾਬ ਦੇ ਕਈ ਸ਼ਹਿਰਾਂ 'ਚ 14.2 ਕਿੱਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 1000 ਰੁਪਏ ਦੇ ਨੇੜੇ ਪਹੁੰਚ ਗਈ ਹੈ ਅਤੇ ਵਧੀਆਂ ਕੀਮਤਾਂ ਅਨੁਸਾਰ ਅੰਮਿ੍ਤਸਰ 'ਚ ਹੁਣ ਗੈਸ ਸਿਲੰਡਰ 983 ਰੁਪਏ 'ਚ ਮਿਲੇਗਾ | ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਇਸ ਅਚਾਨਕ ਕੀਤੀ ਗਈ ਕਾਰਵਾਈ ਦੇ ਚੱਲਦਿਆਂ ਗ਼ਰੀਬ ਅਤੇ ਮੱਧ ਵਰਗੀ ਲੋਕਾਂ ਵਿਚ ਘਬਰਾਹਟ ਬਣ ਚੁਕੀ ਹੈ ਅਤੇ ਘਰੇਲੂ ਔਰਤਾਂ ਦੇ ਨਾਲ-ਨਾਲ ਕੰਮਕਾਜੀ ਔਰਤਾਂ ਨੂੰ ਵੀ ਆਪਣੀ ਰਸੋਈ ਦਾ ਬਜਟ ਗੜਬੜਾਉਂਦਾਂ ਵਿਖਾਈ ਦੇ ਰਿਹਾ ਹੈ | ਸਾਬਕਾ ਅਧਿਆਪਕਾ ਬੀਬੀ ਸਵਿੰਦਰ ਕੌਰ ਕੰਗ ਨੇ ਕਿਹਾ ਕਿ ਲਗਾਤਾਰ ਮਹਿੰਗਾਈ ਘਟਾਉਣ ਦੇ ਦਾਅਵੇ ਕਰਦੀ ਆ ਰਹੀ ਸਰਕਾਰ ਦੀਆਂ ਨੀਤੀਆਂ ਦੇ ਚੱਲਦਿਆਂ ਲਗਾਤਾਰ ਮਹਿੰਗਾਈ ਚਰਮ ਸੀਮਾ 'ਤੇ ਪਹੁੰਚ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਘਰੇਲੂ ਬਜਟ 'ਤੇ ਵਾਧੂ ਬੋਝ ਪਵੇਗਾ | ਬੀਬੀ ਕੰਗ ਦੇ ਅਨੁਸਾਰ ਇਸ ਤੋਂ ਪਹਿਲਾਂ 7 ਮਾਰਚ ਨੂੰ ਵੀ ਘਰੇਲੂ ਐੱਲ. ਪੀ. ਜੀ. ਸਿਲੰਡਰ ਦੀ ਕੀਮਤ 'ਚ 60 ਰੁਪਏ ਦਾ ਵਾਧਾ ਕੀਤਾ ਗਿਆ ਸੀ ਅਤੇ ਉਸ ਦੇ ਬਾਅਦ ਹੁਣ ਇਕ ਵਾਰ ਫਿਰ ਵਾਧਾ ਕੀਤਾ ਗਿਆ ਹੈ, ਜੋ ਕਿ ਗ਼ਰੀਬ ਵਰਗ ਲਈ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ | ਬੀਬੀ ਦਰਸ਼ਨਪਾਲ ਕੌਰ ਅਤੇ ਬੀਬੀ ਮਨਜੀਤ ਕੌਰ ਨੇ ਕਿਹਾ ਕਿ ਸਰਕਾਰ ਵਲੋਂ ਸਿਲੰਡਰਾਂ ਦੇ ਮੁੱਲ ਵਿਚ ਲਗਾਤਾਰ ਕੀਤਾ ਜਾ ਰਿਹਾ ਵਾਧਾ ਗ਼ਰੀਬ ਵਰਗ ਦੀਆਂ ਮੁਸ਼ਕਲਾਂ ਅਤੇ ਚਿੰਤਾਵਾਂ ਵਿਚ ਵਾਧਾ ਕਰ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਘਰੇਲੂ ਐੱਲ. ਪੀ. ਜੀ. ਸਿਲੰਡਰ, ਤੇਲ ਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਿਹਾ ਵਾਧਾ ਦੇਸ਼ ਭਰ ਦੇ ਆਮ ਨਾਗਰਿਕਾਂ ਲਈ ਜ਼ਿੰਦਗੀ ਨੂੰ ਦਿਨ-ਬ-ਦਿਨ ਮੁਸ਼ਕਿਲ ਬਣਾ ਰਿਹਾ ਹੈ | ਉਨ੍ਹਾਂ ਕਿਹਾ ਕਿ ਗਰੀਬ ਤੇ ਮੱਧ ਵਰਗੀ ਪਰਿਵਾਰ ਪਹਿਲਾਂ ਹੀ ਮਹਿੰਗਾਈ ਦੇ ਬੋਝ ਹੇਠ ਦੱਬੇ ਹੋਏ ਹਨ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਹੋਏ ਇਸ ਤਾਜ਼ਾ ਵਾਧੇ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ |