ਅੰਮਿ੍ਤਸਰ, 8 ਜੂਨ (ਰੇਸ਼ਮ ਸਿੰਘ)-ਕਿਸੇ ਵੇਲੇ ਮਾਲਵੇ ਦੇ ਜ਼ਿਲਿ੍ਹਆਂ 'ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵਧੇਰੇ ਰਹੀ ਹੈ ਅਤੇ ਇਸ ਦਾ ਪ੍ਰਤੱਖ ਪ੍ਰਮਾਣ ਬਠਿੰਡਾ ਤੋਂ ਬੀਕਾਨੇਰ ਨੂੰ ਚਲਣ ਵਾਲੀ ਰੇਲ ਗੱਡੀ ਹੈ, ਜਿਸ 'ਚ ਇਲਾਜ਼ ਲਈ ਰਾਜਸਥਾਨ ਜਾਣ ਵਾਲੇ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਬਹੁਤਾਤ 'ਚ ਹੋਣ ਕਾਰਨ ਇਸ ਨੂੰ ਕੈਂਸਰ ਦੀ ਰੇਲ ਗੱਡੀ ਵਜੋਂ ਵੀ ਜਾਣਿਆ ਜਾਂਦਾ ਰਿਹਾ ਹੈ ਪਰ ਰਾਜ 'ਚ ਕੈਂਸਰ ਦੀ ਬਿਮਾਰੀ ਹੁਣ ਕੇਵਲ ਮਾਲਵੇ ਦੀ ਨਹੀਂ ਰਹੀ ਅਤੇ ਇਸ ਨੇ ਪੂਰੇ ਰਾਜ 'ਚ ਹੀ ਆਪਣੇ ਪੈਰ ਪਸਾਰ ਲਏ ਗਏ | ਬੀਤੇ ਕੁਝ ਸਾਲਾਂ ਦੇ ਅੰਕੜੇ ਦੱਸਦੇ ਹਨ ਹਨ ਕਿ ਕੈਂਸਰ ਦੀ ਗੰਭੀਰ ਬਿਮਾਰੀ ਦੀ ਲਪੇਟ 'ਚ ਹਜ਼ਾਰਾਂ ਮਰੀਜ਼ ਆ ਰਹੇ ਹਨ ਅਤੇ ਇਹ ਗਿਣਤੀ ਲਗਾਤਾਰ ਹਰ ਸਾਲ ਵੱਧ ਰਹੀ ਹੈ | ਪੰਜਾਬ ਦੇ 23 ਜ਼ਿਲਿ੍ਹਆਂ 'ਚੋਂ ਕੈਂਸਰ ਮਰੀਜ਼ਾਂ ਦੀ ਗਿਣਤੀ 'ਤੇ ਜੇਕਰ ਪੰਛੀ ਝਾਤ ਮਾਰੀ ਜਾਵੇ ਤਾ ਇਥੇ ਇਸ ਵੇਲੇ 3692 ਸਭ ਤੋਂ ਵੱਧ ਮਰੀਜ਼ ਹਨ ਜਿਨ੍ਹਾਂ ਦਾ ਇਲਾਜ਼ ਇਥੇ ਸ੍ਰੀ ਗੁਰੂ ਰਾਮ ਦਾਸ ਜੀ ਕੈਂਸਰ ਖੋਜ਼ ਕੇਂਦਰ ਵੱਲ੍ਹਾ (ਅਧੀਨ ਸ੍ਰੋਮਣੀ ਕਮੇਟੀ) ਗੁਰੂ ਨਾਨਕ ਦੇਵ ਸਰਕਾਰੀ ਮੈਡੀਕਲ ਕਾਲਜ ਤੇ ਸਿਵਲ ਹਸਪਤਾਲ ਆਦਿ ਹਸਪਤਾਲਾਂ 'ਚ ਹੋ ਰਿਹਾ ਹੈ | ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਹਿਥੇ ਜਲਿ੍ਹਆਂਵਾਲਾ ਬਾਗ ਸਰਕਾਰੀ ਸਿਵਲ ਹਸਪਤਾਲ 'ਚ ਵੀ ਕੈਂਸਰ ਦੇ ਮਰੀਜ਼ਾਂ ਦੇ ਇਲਾਜ਼ ਦੀ ਸੁਵਿਧਾ ਮਿਲਣ ਜਾ ਰਹੀ ਹੈ, ਜਿੱਥੇ ਕੈਂਸਰ ਮਰੀਜ਼ਾਂ ਨੂੰ ਲਗਣ ਵਾਲੀ ਕੀਮੋਥਰੈਪੀ ਦੀ ਵਿਸ਼ੇਸ਼ ਵਾਰਡ ਬਣ ਕੇ ਤਿਆਰ ਹੋ ਚੁੱਕੀ ਹੈ ਅਤੇ ਨਰਸਿੰਗ ਸਟਾਫ ਦਾ ਰੋਸਟਲ ਬਣਾਇਆ ਜਾ ਰਿਹਾ ਹੈ ਅਤੇ ਆਉਂਦੇ ਦਿਨਾਂ 'ਚ ਇਸ ਦੇ ਚਾਲੂ ਹੋਣ ਦੀ ਖ਼ਬਰ ਹੈ | ਇਥੇ ਕੈਂਸਰ ਮਰੀਜ਼ਾਂ ਜਿਨ੍ਹਾਂ 'ਚ ਛਾਤੀ, ਮੂੰਹ ਤੇ ਹੋਰ ਕੈਂਸਰ ਰੋਗਾਂ ਦੇ ਮਰੀਜ਼ਾਂ ਦੀ ਸੁਵਿਧਾ ਲਈ ਉਕਤ ਸਿਵਲ ਹਸਪਤਾਲ ਦੀ ਤੀਜ਼ੀ ਮੰਜਿਲ ਤੇ ਵਾਰਡ ਨੰਬਰ 3 'ਚ ਛੇ ਬੈੱਡ ਲਗਾਏ ਗਏ ਹਨ ਜਿਥੇ ਮਰੀਜ਼ਾਂ ਦੀ ਕੀਮੋਥਰੈਪੀ ਕੀਤੀ ਜਾਵੇਗੀ | ਇਸ ਨਾਲ ਅੰਮਿ੍ਤਸਰ ਸ਼ਹਿਰੀ ਤੇ ਦਿਹਾਤੀ ਖੇਤਰਾਂ ਤੋਂ ਇਲਾਵਾ ਨਾਲ ਦੇ ਜ਼ਿਲਿ੍ਹਆਂ ਜਿਵੇਂ ਤਰਨ ਤਾਰਨ , ਬਟਾਲਾ ਗੁਰਦਾਸਪੁਰ ਦੇ ਮਰੀਜ਼ਾਂ ਨੂੰ ਵੀ ਲਾਭ ਮਿਲੇਗੀ | ਦੱਸਣਯੋਗ ਹੈ ਕਿ 2021 ਤੋਂ ਕੈਂਸਰ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜਿਸ ਉਪਰੰਤ ਸਿਹਤ ਵਿਭਾਗ ਦਾ ਮੰਨਣਾ ਹੈ ਕਿ ਵੱਧ ਰਹੇ ਕੈਂਸਰ ਦੇ ਮਾਮਲਿਆਂ ਨੂੰ ਧਿਆਨ 'ਚ ਰੱਖਦਿਆਂ ਅਜਿਹੇ ਕੇਂਦਰ ਸੂਬਾ ਸਰਕਾਰ ਹਰੇਕ ਜ਼ਿਲ੍ਹੇ 'ਚ ਖੋਲਣ ਜਾ ਰਹੀ ਹੈ |