ਲੋਕ ਮਸਲੇ : ਰੁੱਖਾਂ ਨੂੰ ਲੱਗ ਰਹੀਆਂ ਬਿਮਾਰੀਆਂ ਨਾਲ ਹਜ਼ਾਰਾਂ ਦਰੱਖਤ ਹੋ ਰਹੇ ਪ੍ਰਭਾਵਿਤ
ਅਜੀਤ ਡੈਸਕ
02-07-2026
ਵਾਤਾਵਰਨ ਪ੍ਰੇਮੀ ਅਤੇ ਸਮਾਜਿਕ ਕਾਰਕੁਨ ਨਰੇਸ਼ ਜੌਹਰ ਦਾ ਕਹਿਣਾ ਹੈ ਕਿ ਸਮੇਂ ਸਿਰ ਰੁੱਖਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਪਛਾਣ ਅਤੇ ਇਲਾਜ ਨਾ ਹੋਣ ਕਾਰਨ ਸ਼ਹਿਰਾਂ ਅਤੇ ਪਿੰਡਾਂ ‘ਚ ਵੱਡੀ ਗਿਣਤੀ ਵਿਚ ਰੁੱਖ ਪ੍ਰਭਾਵਿਤ ਹੋ ਰਹੇ ਹਨ। ਬਰਸਾਤ ਦੇ ਮੌਸਮ ‘ਚ ਫੰਗਸ ਅਤੇ ਹੋਰ ਸੰਕਰਮਣ ਤੇਜ਼ੀ ਨਾਲ ਫੈਲਦੇ ਹਨ, ਜਿਸ ਨਾਲ ਰੁੱਖਾਂ ਦੀਆਂ ਜੜ੍ਹਾਂ ਅਤੇ ਤਣੇ ਕਮਜ਼ੋਰ ਪੈ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਰੁੱਖਾਂ ਦੀ ਨਿਯਮਿਤ ਜਾਂਚ, ਬਿਮਾਰ ਟਾਹਣੀਆਂ ਦੀ ਛਾਂਟੀ, ਜੈਵਿਕ ਦਵਾਈਆਂ ਦੀ ਵਰਤੋਂ ਅਤੇ ਲੋੜ ਅਨੁਸਾਰ ਇਲਾਜ ਕਰਕੇ ਕਈ ਰੁੱਖਾਂ ਨੂੰ ਬਚਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਰੁੱਖਾਂ ਦੇ ਆਲੇ-ਦੁਆਲੇ ਸੀਮੈਂਟ ਜਾਂ ਕਨਕਰੀਟ ਦਾ ਘੇਰਾ ਨਾ ਬਣਾਇਆ ਜਾਵੇ ਤਾਂ ਜੋ ਜੜ੍ਹਾਂ ਨੂੰ ਹਵਾ ਅਤੇ ਪਾਣੀ ਮਿਲਦਾ ਰਹੇ। ਉਨ੍ਹਾਂ ਨੇ ਜੰਗਲਾਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਿਮਾਰ ਰੁੱਖਾਂ ਦਾ ਸਰਵੇ ਕਰਵਾਇਆ ਜਾਵੇ ਅਤੇ ਮਾਹਿਰਾਂ ਦੀ ਟੀਮ ਬਣਾ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਇਲਾਕੇ ‘ਚ ਕੋਈ ਰੁੱਖ ਸੁੱਕਦਾ ਜਾਂ ਬਿਮਾਰ ਵਿਖਾਈ ਦੇਵੇ ਤਾਂ ਇਸ ਦੀ ਜਾਣਕਾਰੀ ਸੰਬੰਧਿਤ ਵਿਭਾਗ ਨੂੰ ਦੇਣ।
ਸਮਾਜਿਕ ਕਾਰਕੁਨ ਅਤੇ ‘ਅੰਮ੍ਰਿਤਸਰ ਗਰੀਨ’ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਕਾਰੋਬਾਰੀ ਹਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਰੁੱਖਾਂ ਦੀ ਸੰਭਾਲ ਸਿਰਫ਼ ਵਾਤਾਵਰਨ ਦੀ ਰੱਖਿਆ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਅਤੇ ਸਿਹਤਮੰਦ ਵਾਤਾਵਰਨ ਦੇਣ ਲਈ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਛਾਂਦਾਰ ਰੁੱਖਾਂ ਦੀ ਕੀਤੀ ਜਾ ਰਹੀ ਕਟਾਈ ਅਤੇ ਬਿਮਾਰੀ ਕਾਰਨ ਡਿਗ ਰਹੇ ਰੁੱਖਾਂ ਦੇ ਮਾਮਲੇ ਨੂੰ ਹਲਕੇ ‘ਚ ਨਹੀਂ ਲੈਣਾ ਚਾਹੀਦਾ, ਬਲਕਿ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਬਾਗ਼ਾਂ, ਸੜਕਾਂ, ਲੋਕਾਂ ਦੇ ਘਰਾਂ ਤੇ ਬਗ਼ੀਚਿਆਂ ‘ਚ ਲੱਗੇ ਸੈਂਕੜੇ ਵਰ੍ਹੇ ਪੁਰਾਣੇ ਰੁੱਖ ਸਿਉਂਕ ਜਾਂ ਕਿਸੇ ਵੱਖਰੀ ਤਰ੍ਹਾਂ ਦਾ ਕੀੜਾ ਲੱਗਣ ‘ਤੇ ਅਣਗਹਿਲੀ ਦੇ ਚੱਲਦਿਆਂ ਵੱਢ ਦਿੱਤੇ ਜਾਂਦੇ ਹਨ ਜਾਂ ਕੋਈ ਤਰੀਕਾ ਵਰਤ ਕੇ ਸਾੜ ਦਿੱਤੇ ਜਾਂਦੇ ਹਨ, ਜਦਕਿ ਅਜਿਹੇ ਰੁੱਖਾਂ ਨੂੰ ਨਾ ਸਿਰਫ਼ ਬਚਾਉਣ ਬਲਕਿ ਇਕ ਥਾਂ ਤੋਂ ਦੂਜੀ ਜਗ੍ਹਾ ਸੁਰੱਖਿਅਤ ਤਬਦੀਲ ਕਰਨ ਦੀ ਵੀ ਸੁਵਿਧਾ ਉਪਲਬਧ ਹੈ। ਜਿਸ ਦੇ ਚੱਲਦਿਆਂ ਰੁੱਖਾਂ ਨੂੰ ਖ਼ਤਮ ਕੀਤੇ ਜਾਣ ਤੋਂ ਬਚਾ ਕੇ ਨਵੀਂ ਜਗ੍ਹਾ ਲਗਾਇਆ ਜਾ ਸਕਦਾ ਹੈ।