ਅੰਮ੍ਰਿਤਸਰ, 3 ਜੁਲਾਈ (ਜਸਵੰਤ ਸਿੰਘ ਜੱਸ)-ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਪੱਤਰ ਲਿਖ ਕੇ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਸ਼ਹਿਰ ਫ਼ਾਰੂਕਾਬਾਦ ਵਿਚ ਇਕ ਵਿਰਾਸਤੀ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣ ਤੇ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਯਕੀਨੀ ਬਣਾਉਣ ਲਈ ਪਾਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕਰਨ ਦੀ ਅਪੀਲ ਕੀਤੀ ਹੈ। ਮੰਚ ਦੇ ਆਗੂਆਂ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਮਨਮੋਹਨ ਸਿੰਘ ਬਰਾੜ ਤੇ ਸੁਰਿੰਦਰਜੀਤ ਸਿੰਘ ਨੇ ਲਿਖੇ ਪੱਤਰ ਵਿਚ ਕਿਹਾ ਕਿ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਤੋਂ ਹਾਸਿਲ ਹੋਈ ਜਾਣਕਾਰੀ ਦੇ ਅਧਾਰ ਤੇ ਪਾਕਿਸਤਾਨ ਦੇ ਸ਼ੇਖੂਪੁਰਾ ਜ਼ਿਲ੍ਹੇ ਵਿਚ ਸਥਿਤ ਫ਼ਾਰੂਕਾਬਾਦ ਸ਼ਹਿਰ ਦੇ ਇਕ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਕੁਝ ਲੋਕਾਂ ਵਲੋਂ ਢਾਹ ਦਿੱਤਾ ਗਿਆ ਹੈ ਤੇ ਇਸ ਮੰਦਭਾਗੇ ਤੇ ਬੇਅਦਬੀ ਭਰੇ ਕਾਰੇ ਨੇ ਦੁਨੀਆ ਭਰ ਦੇ ਸਿੱਖਾਂ ਅਤੇ ਖ਼ਾਸ ਕਰਕੇ ਭਾਰਤ ਦੇ ਸਰਹੱਦੀ ਸੂਬੇ ਪੰਜਾਬ ਵਿਚ ਭਾਰੀ ਰੋਸ ਅਤੇ ਮਾਨਸਿਕ ਪੀੜ੍ਹਾ ਅਤੇ ਰੋਹ ਪੈਦਾ ਕਰ ਦਿੱਤਾ ਹੈ। ਉਨ੍ਹਾਂ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਪਾਕਿਸਤਾਨ ਸਰਕਾਰ ਦੇ ਸੰਬੰਧਿਤ ਅਧਿਕਾਰੀਆਂ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਤੇ ਇਸ ਘਿਨਾਉਣੇ ਕਾਰੇ ਲਈ ਜ਼ਿੰਮੇਵਾਰ ਲੋਕਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਦਬਾਅ ਪਾਇਆ ਜਾਵੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਸਿੱਖ ਮਰਯਾਦਾ ਤੇ ਪ੍ਰੰਪਰਾਵਾਂ ਅਨੁਸਾਰ ਜਲਦੀ ਕਰਵਾਈ ਜਾਵੇ। ਅਜਿਹੀਆਂ ਮੰਦਭਾਗੀ ਘਟਨਾਵਾਂ ਤੋਂ ਪੈਦਾ ਹੋਏ ਤਣਾਅਪੂਰਨ ਹਾਲਾਤਾਂ ਦਾ ਸਭ ਤੋਂ ਵੱਧ ਨਕਾਰਾਤਮਿਕ ਪ੍ਰਭਾਵ ਵਿਸ਼ਵ ਭਰ ਦੇ ਸਿੱਖਾਂ ਤੇ ਵਿਸ਼ੇਸ਼ ਕਰਕੇ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਵਪਾਰ, ਕਾਰੋਬਾਰ ਅਤੇ ਭਾਈਚਾਰਕ ਮਾਹੌਲ ਤੇ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸ਼ਾਂਤ ਕਰਨ ਲਈ ਬਿਨਾਂ ਦੇਰੀ ਤੁਰੰਤ ਪਾਕਿਸਤਾਨ ਦੇ ਜ਼ਿੰਮੇਵਾਰ ਅਧਿਕਾਰੀਆਂ ਨਾਲ ਪ੍ਰਭਾਵਸ਼ਾਲੀ ਯਤਨ ਕੀਤੇ ਜਾਣ।