ਅੰਮ੍ਰਿਤਸਰ, 7 ਜੁਲਾਈ (ਸੁਰਿੰਦਰ ਕੋਛੜ)-ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਨਾਲ ਜੁੜੀ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਅਤੇ ਜਨਰਲ ਸਕੱਤਰ ਜੀ. ਐੱਸ. ਚਾਵਲਾ ਨੇ ਸੂਬਾਈ ਸਿਹਤ ਮੰਤਰੀ ਡਾ: ਬਲਬੀਰ ਸਿੰਘ ਅਤੇ ਸੰਯੁਕਤ ਕਮਿਸ਼ਨਰ (ਡਰੱਗਜ਼) ਸੰਜੀਵ ਗਰਗ ਨੂੰ ਪੱਤਰ ਲਿਖ ਕੇ ਗ਼ੈਰਕਾਨੂੰਨੀ ਕਾਰਵਾਈਆਂ ‘ਚ ਸ਼ਾਮਿਲ ਆਨਲਾਈਨ ਫਾਰਮੇਸੀਆਂ ਖ਼ਿਲਾਫ਼ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ-ਔਸ਼ਧੀ ਦੁਕਾਨਾਂ ਨੂੰ ਸਿਰਫ਼ ਉਹੀ ਦਵਾਈਆਂ ਵੇਚਣੀਆਂ ਚਾਹੀਦੀਆਂ ਹਨ ਜੋ ਉਨ੍ਹਾਂ ਦੇ ਅਧਿਕਾਰ ਖੇਤਰ ‘ਚ ਆਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਔਨਲਾਈਨ ਫਾਰਮੇਸੀਆਂ ਅਤੇ ਵੱਡੇ ਸਟੋਰ ਭਾਰੀ ਛੋਟਾਂ ਦੇ ਕੇ ਉਨ੍ਹਾਂ ਕੀਮਤਾਂ ‘ਚ ਦਵਾਈਆਂ ਵੇਚ ਰਹੇ ਹਨ ਜਿਸ ਭਾਅ ‘ਤੇ ਆਮ ਪ੍ਰਚੂਨ ਵਿਕਰੇਤਾ ਨੂੰ ਵੀ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਇਹ ਵੱਡੀਆਂ ਕੰਪਨੀਆਂ ਮੁਕਾਬਲੇਬਾਜ਼ੀ ਐਕਟ 2002 ਅਤੇ ਫਾਰਮੇਸੀ ਪ੍ਰੈਕਟਿਸ ਰੈਗੂਲੇਸ਼ਨ ਸਮੇਤ ਕਈ ਪ੍ਰਬੰਧਾਂ ਦੀ ਉਲੰਘਣਾ ਕਰਕੇ ਛੋਟੇ ਕਾਰੋਬਾਰੀਆਂ ਨਾਲ ਗੈਰ-ਵਾਜਬ ਮੁਕਾਬਲਾ ਕਰ ਰਹੀਆਂ ਹਨ। ਦੁੱਗਲ ਨੇ ਦੱਸਿਆ ਕਿ ਪੱਤਰ ‘ਚ ਨਕਲੀ ਤੇ ਘਟੀਆ ਪੱਧਰ ਦੀਆਂ ਦਵਾਈਆਂ ਦੀ ਵਿੱਕਰੀ ਖ਼ਿਲਾਫ਼ ਸਖ਼ਤ ਨਿਯਮ ਬਣਾਉਣ, ਓ. ਐੱਨ. ਡੀ. ਐੱਲ. ਐੱਸ. (ਆਨਲਾਈਨ ਨੈਸ਼ਨਲ ਡਰੱਗ ਲਾਇਸੈਂਸ ਸਿਸਟਮ) ਵਿਚ ਆ ਰਹਿਆਂ ਖ਼ਾਮੀਆਂ, ਪੰਜਾਬ ‘ਚ ਪਹਿਲਾਂ ਤੋਂ ਐਕਸ. ਐੱਲ. ਐੱਨ. ਇੰਡੀਆ ਪੋਰਟਲ ਮੌਜੂਦ ਹੋਣ ਦੇ ਬਾਵਜੂਦ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਵਾਲਾ ਨਵਾਂ ਪੋਰਟਲ ਸ਼ੁਰੂ ਕਰਨ, ਪੰਜਾਬ ਸਿਹਤ ਵਿਭਾਗ ਦੀ ਡਰੱਗ ਨੀਤੀ ਵਿਚ ਕੈਮਿਸਟਾਂ ਅਤੇ ਕਾਰਪੋਰੇਟ ਵਿਚ ਵਿਤਕਰਾ ਖ਼ਤਮ ਕਰਨ ਆਦਿ ਮੰਗਾਂ ਕੀਤੀਆਂ ਗਈਆਂ ਹਨ।
ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਸਿਹਤ ਮੰਤਰੀ ਅਤੇ ਸੰਯੁਕਤ ਕਮਿਸ਼ਨਰ (ਡਰੱਗਜ਼) ਨੂੰ ਲਿਖਿਆ ਪੱਤਰ
ਅਜੀਤ ਡੈਸਕ
08-07-2026