ਚੋਗਾਵਾਂ, 15 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦੀ ਪਿੰਡ ਕੱਕੜ ਵਿਖੇ ਰਾਵੀ ਦਰਿਆ ਕਿਸਾਨਾਂ ਦੀ ਉਪਜਾਊ ਜ਼ਮੀਨਾਂ ਨੂੰ ਵੱਡੀ ਢਾਹ ਲਾ ਰਿਹਾ ਹੈ। ਅੱਜ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪਿੰਡ ਕੱਕੜ ਦਾ ਦੌਰਾ ਕਰਕੇ ਰਾਵੀ ਦਰਿਆ ਦੇ ਤੇਜ਼ ਕਟਾਅ ਕਾਰਨ ਬਣੇ ਗੰਭੀਰ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਬੀ. ਐੱਸ. ਐੱਫ. ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਰਾਵੀ ਦੇ ਲਗਾਤਾਰ ਕਟਾਅ ਕਾਰਨ ਸੈਂਕੜੇ ਏਕੜ ਕੀਮਤੀ ਖੇਤੀਬਾੜੀ ਜ਼ਮੀਨ ਦਰਿਆ ਵਿਚ ਸਮਾ ਚੁੱਕੀ ਹੈ ਅਤੇ ਹੁਣ ਬੀ.ਐੱਸ.ਐੱਫ. ਦੀਆਂ ਡਿਫੈਂਸ ਲਾਈਨਾਂ ਵੀ ਖ਼ਤਰੇ ਵਿਚ ਹਨ। ਪਹਿਲਾਂ ਦਰਿਆ ਦਾ ਰੁਖ ਕਾਫ਼ੀ ਦੂਰ ਸੀ, ਪਰ ਹੁਣ ਇਹ ਕਟਾਅ ਕਰਦਾ ਹੋਇਆ ਡਿਫੈਂਸ ਲਾਈਨਾਂ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਰੋਕਥਾਮ ਨਾ ਕੀਤੀ ਗਈ ਤਾਂ ਡਿਫੈਂਸ ਲਾਈਨ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ, ਜਿਸ ਨਾਲ ਦੇਸ਼ ਦੀ ਸੁਰੱਖਿਆ ਵੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਹੜ੍ਹਾਂ ਤੋਂ ਬਾਅਦ ਸਰਕਾਰ ਵਲੋਂ ਇਸ ਖੇਤਰ ਦੀ ਕੋਈ ਸਾਰ ਨਹੀਂ ਲਈ ਗਈ। ਨਾ ਕੋਈ ਪੱਥਰ ਲਗਾਏ ਗਏ ਅਤੇ ਨਾ ਹੀ ਕਟਾਅ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਰਜਿਸਟਰਡ ਜ਼ਮੀਨਾਂ, ਖਸਰਾ ਨੰਬਰਾਂ ਸਮੇਤ, ਰਾਵੀ ਦੇ ਕਟਾਅ ਦੀ ਭੇਟ ਚੜ੍ਹ ਰਹੀਆਂ ਹਨ । ਔਜਲਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਅਸਥਾਈ ਤੌਰ ’ਤੇ ਰੇਤ ਦੀਆਂ ਬੋਰੀਆਂ ਜਾਂ ਹੋਰ ਪ੍ਰਬੰਧ ਕਰਕੇ ਕਟਾਅ ਰੋਕਿਆ ਜਾਵੇ। ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਕਰੀਬ ਦੋ ਤੋਂ ਢਾਈ ਕਿਲੋਮੀਟਰ ਲੰਬੇ ਪ੍ਰਭਾਵਿਤ ਹਿੱਸੇ ‘ਤੇ ਪੱਕੇ ਤੌਰ ‘ਤੇ ਪੱਥਰ ਲਗਾ ਕੇ ਦਰਿਆ ਦੇ ਕਟਾਅ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਸੰਸਦ ਦਾ ਸੈਸ਼ਨ ਸ਼ੁਰੂ ਹੋਣ ‘ਤੇ ਉਹ ਇਹ ਮਾਮਲਾ ਵੀ ਉਠਾਉਣਗੇ। ਜੇਕਰ ਪੰਜਾਬ ਸਰਕਾਰ ਕੇਂਦਰ ਨੂੰ ਕੋਈ ਤਜਵੀਜ਼ ਭੇਜੇਗੀ ਤਾਂ ਉਸ ਨੂੰ ਮਨਜ਼ੂਰ ਕਰਵਾਉਣ ਲਈ ਪੂਰਾ ਯਤਨ ਕਰਨਗੇ।
ਸਰਹੱਦੀ ਪਿੰਡ ਕੱਕੜ ’ਤੇ ਮੰਡਰਾਇਆ ਖ਼ਤਰਾ
ਅਜੀਤ ਡੈਸਕ
16-07-2026