ਬਿਨਾਂ ਲਾਇਸੈਂਸ ਚੱਲ ਰਹੀਆਂ ਖਾਣ-ਪੀਣ ਦੀਆਂ ਰੇਹੜੀਆਂ ਬਣੀਆਂ ਲੋਕਾਂ ਦੀ ਜਾਨ ਦਾ ਖੌਅ
ਸੁਲਤਾਨਵਿੰਡ, 6 ਅਗਸਤ (ਗੁਰਨਾਮ ਸਿੰਘ ਬੁੱਟਰ)- ਨਗਰ-ਨਿਗਮ ਦੀ ਹਦੂਦ ਅੰਦਰ ਆਉਂਦੇ ਸਭ ਤੋਂ ਪੁਰਾਣੇ ਤੇ ਇਤਿਹਾਸਿਕ ਪਿੰਡ ਸੁਲਤਾਨਵਿੰਡ ਦੇ ਮੁੱਖ ਬਾਜ਼ਾਰ ਵਿਚ ਬਿਨਾਂ ਫੂਡ ਸੇਫਟੀ ਲਾਇਸੈਂਸ ਤੋਂ ਗ਼ੈਰ-ਕਾਨੂੰਨੀ ਤੌਰ ‘ਤੇ ਲੱਗ ਰਹੀਆਂ ਖਾਣ-ਪੀਣ ਦੀਆਂ ਰੇਹੜੀਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ । ਇਨ੍ਹਾਂ ਰੇਹੜੀਆਂ ‘ਤੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ।
ਸੁਲਤਾਨਵਿੰਡ, 6 ਅਗਸਤ (ਗੁਰਨਾਮ ਸਿੰਘ ਬੁੱਟਰ)- ਨਗਰ-ਨਿਗਮ ਦੀ ਹਦੂਦ ਅੰਦਰ ਆਉਂਦੇ ਸਭ ਤੋਂ ਪੁਰਾਣੇ ਤੇ ਇਤਿਹਾਸਿਕ ਪਿੰਡ ਸੁਲਤਾਨਵਿੰਡ ਦੇ ਮੁੱਖ ਬਾਜ਼ਾਰ ਵਿਚ ਬਿਨਾਂ ਫੂਡ ਸੇਫਟੀ ਲਾਇਸੈਂਸ ਤੋਂ ਗ਼ੈਰ-ਕਾਨੂੰਨੀ ਤੌਰ ‘ਤੇ ਲੱਗ ਰਹੀਆਂ ਖਾਣ-ਪੀਣ ਦੀਆਂ ਰੇਹੜੀਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ । ਇਨ੍ਹਾਂ ਰੇਹੜੀਆਂ ‘ਤੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਬ੍ਰਿਕਸ ਹਿਊਮਨ ਰਾਈਟਸ ਮਿਸ਼ਨ ਸੰਸਥਾ ਦੇ ਪੰਜਾਬ ਪ੍ਰਧਾਨ ਡਾ: ਸੁਪਿੰਦਰ ਸਿੰਘ ਢਿੱਲੋਂ ਨੇ ਕੀਤਾ । ਉਨ੍ਹਾਂ ਦੱਸਿਆ ਕਿ ਮੁੱਖ ਬਾਜ਼ਾਰ ਵਿਚ ਜ਼ਿਆਦਾਤਰ ਪ੍ਰਵਾਸੀ ਵਿਅਕਤੀਆਂ ਵਲੋਂ ਚਲਾਈਆਂ ਜਾ ਰਹੀਆਂ ਇਹ ਰੇਹੜੀਆਂ ਬਿਨਾਂ ਕਿਸੇ ਫੂਡ ਸੇਫਟੀ ਜਾਂ ਸਫ਼ਾਈ ਦੇ ਚੱਲ ਰਹੀਆਂ ਹਨ । ਜਿੱਥੇ ਬੇਹਾ ਅਤੇ ਅਣਢੱਕਿਆ ਖਾਣਾ ਵੇਚ ਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਦੇ ਮੂੰਹ ਵਿਚ ਧੱਕਿਆ ਜਾ ਰਿਹਾ ਹੈ । ਇਸ ਤੋਂ ਇਲਾਵਾ ਇਹ ਰੇਹੜੀਆਂ ਬਿਲਕੁਲ ਸੜਕ ਦੇ ਕੰਢਿਆਂ ਅਤੇ ਮੋੜਾਂ ‘ਤੇ ਲਗਾਈਆਂ ਜਾਂਦੀਆਂ ਹਨ, ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਵੀ ਗੰਭੀਰ ਹੁੰਦੀ ਜਾ ਰਹੀ ਹੈ ਜਿਸ ਨਾਲ ਹਰ ਵੇਲੇ ਭਿਆਨਕ ਸੜਕ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਡਾ: ਢਿਲੋਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਮੁਹਿੰਮ ਚਲਾ ਕੇ ਬਿਨਾਂ ਲਾਇਸੈਂਸ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਰੇਹੜੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।