11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਲੋਕ ਮਸਲਾ : ਮਾਲੀਏ ਦੀ ਭੁੱਖ ’ਚ ਸਰਕਾਰ ਤੇ ਪ੍ਰਸ਼ਾਸਨ ਦਾਅ ’ਤੇ ਲਾ ਰਿਹਾ ਬੱਚਿਆਂ ਦਾ ਭਵਿੱਖ * ਸਿੱਖਿਆ ਕ੍ਰਾਂਤੀ ਨੂੰ ਮੂੰਹ ਚਿੜਾ ਰਹੇ ਸਰਕਾਰੀ ਸਕੂਲ ਸਾਹਮਣੇ ਸ਼ਰਾਬ ਦੇ ਠੇਕੇ * ਵਿੱਦਿਆ ਮੰਦਰ ਦੀ ਬੇਅਦਬੀ, ‘ਕਲਮ’ ’ਤੇ ਭਾਰੂ ਹੋਈ ‘ਗਲਾਸੀ’ * ਅਸੁਰੱਖਿਅਤ ਮਹਿਸੂਸ ਕਰਦੀਆਂ ਵਿਦਿਆਰਥਣਾਂ ਤੇ ਅਧਿਆਪਕਾਵਾਂ

ਅੰਮ੍ਰਿਤਸਰ, 11 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਸਕੂਲ ਨੂੰ ‘ਵਿੱਦਿਆ ਦਾ ਮੰਦਰ’ ਕਿਹਾ ਜਾਂਦਾ ਹੈ, ਜਿੱਥੇ ਬੱਚੇ ਦੇਸ਼ ਦਾ ਸੁਨਹਿਰੀ ਭਵਿੱਖ ਬਣਨ ਲਈ ਸਿੱਖਿਆ ਅਤੇ ਚੰਗੇ ਸੰਸਕਾਰ ਗ੍ਰਹਿਣ ਕਰਦੇ ਹਨ। ਦੂਜੇ ਪਾਸੇ ਸ਼ਰਾਬ ਦੇ ਠੇਕੇ ਸਮਾਜਿਕ ਬੁਰਾਈ ਅਤੇ ਨਸ਼ੇ ਦੇ ਪ੍ਰਤੀਕ ਮੰਨੇ ਜਾਂਦੇ ਹਨ ਪਰ ਜਦੋਂ ਵਿਰੋਧ ਦੇ ਬਾਵਜੂਦ ਵੀ ਕਿਸੇ ਵਿੱਦਿਆ ਦੇ ਮੰਦਰ ਸਾਹਮਣੇ ਸ਼ਰਾਬ ਦੇ ਇਕ ਨਹੀਂ ਬਲਕਿ 2-2 ਠੇਕੇ ਖੁੱਲ੍ਹ ਜਾਣ ਤਾਂ ਫਿਰ ਉਥੇ ਬੱਚਿਆਂ ਦਾ ਰੱਬ ਹੀ ਰਾਖਾ ਹੈ ।

Ad Position 21
No active advertisement
ਅਜੀਤ ਡੈਸਕ 12-08-2026
ਅੰਮ੍ਰਿਤਸਰ, 11 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਸਕੂਲ ਨੂੰ ‘ਵਿੱਦਿਆ ਦਾ ਮੰਦਰ’ ਕਿਹਾ ਜਾਂਦਾ ਹੈ, ਜਿੱਥੇ ਬੱਚੇ ਦੇਸ਼ ਦਾ ਸੁਨਹਿਰੀ ਭਵਿੱਖ ਬਣਨ ਲਈ ਸਿੱਖਿਆ ਅਤੇ ਚੰਗੇ ਸੰਸਕਾਰ ਗ੍ਰਹਿਣ ਕਰਦੇ ਹਨ।ਦੂਜੇ ਪਾਸੇ ਸ਼ਰਾਬ ਦੇ ਠੇਕੇ ਸਮਾਜਿਕ ਬੁਰਾਈ ਅਤੇ ਨਸ਼ੇ ਦੇ ਪ੍ਰਤੀਕ ਮੰਨੇ ਜਾਂਦੇ ਹਨ ਪਰ ਜਦੋਂ ਵਿਰੋਧ ਦੇ ਬਾਵਜੂਦ ਵੀ ਕਿਸੇ ਵਿੱਦਿਆ ਦੇ ਮੰਦਰ ਸਾਹਮਣੇ ਸ਼ਰਾਬ ਦੇ ਇਕ ਨਹੀਂ ਬਲਕਿ 2-2 ਠੇਕੇ ਖੁੱਲ੍ਹ ਜਾਣ ਤਾਂ ਫਿਰ ਉਥੇ ਬੱਚਿਆਂ ਦਾ ਰੱਬ ਹੀ ਰਾਖਾ ਹੈ । ਅੰਮ੍ਰਿਸਰ ਦੇ ਕਰਮਪੁਰਾ ਇਲਾਕੇ ’ਚ ਸਥਿਤ ਸਕੂਲ ਆਫ ਐਮੀਨੈਂਸ ਦੇ ਬਿਲਕੁਲ ਸਾਹਮਣੇ ਪਿਛਲੇ ਕਈ ਸਾਲਾਂ ਤੋਂ ਇਕ ਸ਼ਰਾਬ ਦਾ ਠੇਕਾ ਖੁੱਲ੍ਹਾ ਹੋਇਆ ਹੈ, ਜਿਥੇ ਸਾਰਾ ਦਿਨ ਸ਼ਰਾਬੀਆਂ ਦਾ ਮੇਲਾ ਦੇਖਣ ਨੂੰ ਮਿਲਦਾ ਹੈ, ਜਿਸ ਤੋਂ ਪ੍ਰੇਸ਼ਾਨ ਸਕੂਲ ਪ੍ਰਬੰਧਕਾਂ ਨੇ ਡਿਪਟੀ ਕਮਿਸ਼ਨਰ, ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਈਆਂ ਪਰ ਬੇਹੱਦ ਸ਼ਰਮਨਾਕ ਗੱਲ ਹੈ ਕਿ ਉਕਤ ਸ਼ਰਾਬ ਦਾ ਠੇਕਾ ਬੰਦ ਤਾਂ ਕੀ ਹੋਣਾਂ ਸੀ ਸਗੋਂ ਪ੍ਰਸ਼ਾਸਨ ਨੇ ਉਥੇ ਅਧਿਆਪਕਾਂ, ਵਿਦਿਆਰਥੀਆਂ ਦੇ ਹਿੱਤਾਂ ਨੂੰ ਬੁਰੀ ਤਰ੍ਹਾਂ ਅਣਗੌਲਿਆ ਕਰਦੇ ਹੋਏ ਇਕ ਹੋਰ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ, ਜਿਥੇ ਰੋਜਾਨਾ ਹੀ ਬੋਤਲਾਂ ਦੇ ਡੱਟ ਖੁੱਲ੍ਹਦੇ ਹਨ । ਜਾਣਕਾਰੀ ਅਨੁਸਾਰ ਸ਼ਾਮ ਵੇਲੇ ਲੋਕ ਸਕੂਲ ਦੇ ਬਾਹਰ ਆਪਣੀਆਂ ਗੱਡੀਆਂ ’ਚ ਬੈਠਕੇ ਸ਼ਰਾਬ ਦਾ ਸੇਵਨ ਕਰਦੇ ਹਨ ਅਤੇ ਜਾਂਦੇ ਹੋਏ ਸ਼ਰਾਬ ਦੀਆਂ ਬੋਤਲਾਂ ਸੜਕਾਂ ’ਤੇ ਹੀ ਸੁੱਟ ਜਾਂਦੇ ਹਨ । ਇਸ ਦੌਰਾਨ ਜਦੋਂ ਸਵੇਰੇ ਵਿਦਿਆਰਥੀ ਅਤੇ ਅਧਿਆਪਕ ਸਕੂਲ ਆਉਂਦੇ ਹਨ ਤਾਂ ਸਕੂਲ ਦੇ ਬਾਹਰ ਸਭ ਤੋਂ ਪਹਿਲਾਂ ਉਨ੍ਹਾਂ ਦੇ ਮੱਥੇ ਸ਼ਰਾਬ ਦੀਆਂ ਖਾਲੀ ਬੋਤਲਾਂ ਲੱਗਦੀਆਂ ਹਨ । ਜਿਕਰਯੋਗ ਹੈ ਕਿ ਉਕਤ ਸਕੂਲ ਵਿਖੇ 6ਵੀਂ ਤੋਂ 12ਵੀਂ ਜਮਾਤ ਤੱਕ 1 ਹਜਾਰ ਤੋਂ ਵਧੇਰੇ ਵਿਦਿਆਰਥੀ ਪੜ੍ਹਦੇ ਹਨ, ਜਿਸ ’ਚ ਲੜਕੇ ਅਤੇ ਲੜਕੀਆਂ ਦੋਵੇਂ ਸ਼ਾਮਿਲ ਹਨ ਅਤੇ ਅਧਿਆਪਕਾਂ ’ਚ ਪ੍ਰਿੰਸੀਪਲ ਸਮੇਤ ਜਿਆਦਾਤਰ ਗਿਣਤੀ ਮਹਿਲਾਵਾਂ ਦੀ ਹੈ।ਇਸ ਤੋਂ ਇਲਾਵਾ ਇਥੇ ਇਕ ਲੋੜਵੰਦ ਵਿਦਿਆਰਥੀਆਂ ਦਾ ਰਿਹਾਇਸ਼ੀ ਹੋਸਟਲ ਅਤੇ ਪਹਿਲ ਰਿਸੋਰਸ ਸੈਂਟਰ ਹੈ, ਜਿਥੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਪੜ੍ਹਣ ਲਈ ਆਉਂਦੇ ਹਨ।ਹੈਰਾਨੀ ਵਾਲੀ ਗੱਲ ਹੈ ਕਿ ਇਕ ਪਾਸੇ ਸਰਕਾਰ ਤੇ ਪ੍ਰਸ਼ਾਸਨ ਇਨ੍ਹਾਂ ਵਿਦਿਆਰਥੀਆਂ ਪਾਸੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸੰਬੰਧੀ ਰੈਲੀਆਂ ਕਢਵਾਉਂਦੀ ਹੈ ਜਦਕਿ ਦੂਜੇ ਪਾਸੇ ਇਨ੍ਹਾਂ ਵਿਦਿਆਰਥੀਆਂ ਦੇ ਵਿੱਦਿਆ ਮੰਦਰ ਸਾਹਮਣੇ ਖੁਦ ਨਸ਼ੇ ਦਾ ਵਹਿਣ ਵਹਾ ਰਹੀ ਹੈ। ਇਸ ਦਾ ਸਭ ਤੋਂ ਮਾੜਾ ਅਸਰ ਸਕੂਲ ਪੜ੍ਹਦੀਆਂ ਵਿਦਿਆਰਥਣਾ ’ਤੇ ਪੈ ਰਿਹਾ ਹੈ, ਜਿਨ੍ਹਾਂ ਨੂੰ ਛੁੱਟੀ ਵੇਲੇ ਲੰਘਦਿਆਂ ਡਰ ਅਤੇ ਅਸੁਰੱਖਿਆ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਤੋਂ ਇਲਾਵਾ, ਛੋਟੇ ਬੱਚਿਆਂ ਦੇ ਕੋਮਲ ਮਨਾ ’ਤੇ ਵੀ ਇਸ ਦਾ ਬਹੁਤ ਬੁਰਾ ਮਾਨਸਿਕ ਪ੍ਰਭਾਵ ਪੈ ਰਿਹਾ ਹੈ । ਸਰਕਾਰਾਂ ਵਲੋਂ ਮਾਲੀਆ ਇਕੱਠਾ ਕਰਨ ਦੀ ਭੁੱਖ ’ਚ ਬੱਚਿਆਂ ਦੇ ਭਵਿੱਖ ਨੂੰ ਦਾਅ ’ਤੇ ਲਗਾਇਆ ਜਾ ਰਿਹਾ ਹੈ।ਸਕੂਲ ਦੇ ਸਾਹਮਣੇ ਠੇਕਾ ਹੋਣ ਦੇ ਕਾਰਨ ਬੱਚਿਆਂ ’ਤੇ ਕਈ ਤਰ੍ਹਾਂ ਦੇ ਨਕਾਰਾਤਮਕ ਪ੍ਰਭਾਵ ਪੈ ਰਹੇ ਹਨ। ਕਾਨੂੰਨੀ ਅਤੇ ਸਰਕਾਰੀ ਨਿਯਮਾਂ ਅਨੁਸਾਰ ਕਿਸੇ ਵੀ ਵਿੱਦਿਅਕ ਅਦਾਰੇ, ਧਾਰਮਿਕ ਸਥਾਨ ਜਾਂ ਹਸਪਤਾਲ ਦੇ ਨਿਰਧਾਰਿਤ ਘੇਰੇ (ਆਮ ਤੌਰ ‘ਤੇ 50 ਤੋਂ 100 ਮੀਟਰ) ਦੇ ਅੰਦਰ ਸ਼ਰਾਬ ਦਾ ਠੇਕਾ ਨਹੀਂ ਖੋਲ੍ਹਿਆ ਜਾ ਸਕਦਾ ਪਰ ਆਰਥਿਕ ਮੁਨਾਫ਼ੇ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਕਾਰਨ ਇਨ੍ਹਾਂ ਨਿਯਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾਂਦੀ ਹੈ, ਜਿਸ ਦਾ ਖ਼ਾਮਿਆਜ਼ਾ ਮਾਸੂਮ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਬੱਚਿਆਂ ਦਾ ਮਨ ਕੋਰੀ ਸਲੇਟ ਵਰਗਾ ਹੁੰਦਾ ਹੈ । ਰੋਜ਼ਾਨਾ ਠੇਕੇ ’ਤੇ ਆਉਣ-ਜਾਣ ਵਾਲੇ ਸ਼ਰਾਬੀਆਂ ਨੂੰ ਦੇਖ ਕੇ ਉਨ੍ਹਾਂ ਦੇ ਦਿਮਾਗ ’ਚ ਨਸ਼ੇ ਪ੍ਰਤੀ ਉਤਸੁਕਤਾ ਪੈਦਾ ਹੁੰਦੀ ਹੈ, ਜੋ ਉਨ੍ਹਾਂ ਨੂੰ ਗਲਤ ਰਾਹ ਵੱਲ ਧੱਕ ਸਕਦੀ ਹੈ । ਇਸ ਸੰਬੰਧੀ ਪ੍ਰਿੰ: ਅਨੂ ਆਨੰਦ ਅਤੇ ਲੈਕ: ਰਵਿੰਦਰ ਰੰਧਾਵਾ ਨੇ ਕਿਹਾ ਕਿ ਸਕੂਲ ਦੇ ਬਿਲਕੁਲ ਬਾਹਰ ਸ਼ਰਾਬ ਦੇ ਠੇਕੇ ਖੁੱਲ੍ਹਣ ਦਾ ਮਾਮਲਾ ਸਮੇਂ ਸਮੇਂ ਦੌਰਾਨ ਡਿਪਟੀ ਕਮਿਸ਼ਨਰ, ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਹੈ, ਤਾਂ ਜੋ ਬੱਚਿਆਂ ’ਤੇ ਇਸ ਦਾ ਕੋਈ ਮਾੜਾ ਅਸਰ ਨਾ ਪਵੇ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਸ ਗੰਭੀਰ ਮਸਲੇ ’ਤੇ ਪਿਛਲੇ ਕਈ ਸਾਲਾਂ ਤੋਂ ਕੋਈ ਸੁਣਵਾਈ ਨਹੀਂ ਹੋਈ ਹੈ । ਇਸ ਸੰਬੰਧੀ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਣਕਾਰੀ ਅਤੇ ਚੈਕਿੰਗ ਏ.ਟੀ.ਸੀ ਤੋਂ ਕਰਵਾਕੇ ਅਗਲੇਰੀ ਕਾਰਵਾਈ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਪਿਜ਼ਾਐਕਸਪ੍ਰੈੱਸ ਨੇ ਅੰਮ੍ਰਿਤਸਰ ’ਚ ਆਪਣਾ ਪਹਿਲਾ ਰੈਸਟੋਰੈਂਟ ਖੋਲ੍ਹਿਆ ਅਗਲੀ ਖ਼ਬਰ ਸੀਰ ਗੋਵਰਧਨ ਵਾਰਾਣਸੀ ਐਕਸਪ੍ਰੈੱਸ ’ਚ ਲੀਜ਼ਿੰਗ ਕੰਟਰੈਕਟ ਰਾਹੀਂ ਰੇਲਵੇ ਨੂੰ ਮਿਲੇਗਾ 91 ਲੱਖ ਦਾ ਮਾਲੀਆ
Ad Position 24