ਆਰ.ਐੱਮ.ਪੀ.ਆਈ ਵਲੋਂ ਮਹਿੰਗਾਈ ਖ਼ਿਲਾਫ਼ ਅਜਨਾਲਾ ’ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ
ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਵਪਾਰੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਖੰਡ ਦੀਆਂ ਕੀਮਤਾਂ ਵਿਚ ਕੀਤਾ ਗਿਆ ਭਾਰੀ ਵਾਧਾ-ਡਾ: ਸਤਨਾਮ ਸਿੰਘ ਅਜਨਾਲਾ
ਅਜਨਾਲਾ, 30 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ.
ਅਜਨਾਲਾ, 30 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੇ ਸੂਬਾਈ ਸੱਦੇ ’ਤੇ ਪਾਰਟੀ ਦੇ ਸੀਨੀਅਰ ਆਗੂ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਅਜਨਾਲਾ-ਫਤਿਹਗੜ੍ਹ ਚੂੜੀਆਂ ਰੋਡ ’ਤੇ ਪਾਰਟੀ ਆਗੂਆਂ ਅਤੇ ਵਰਕਰਾਂ ਵਲੋਂ ਅਸਮਾਨ ਛੂਹ ਰਹੀ ਮਹਿੰਗਾਈ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ । ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ‘70 ਰੁਪਏ ਕਿੱਲੋ ਖੰਡ-ਮੋਦੀ ਕਰੇ ਪਖੰਡ’ ਦੇ ਨਾਅਰੇ ਵੀ ਲਗਾਏ ਗਏ । ਰੋਸ ਮੁਜ਼ਾਹਰੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੀਨੀਅਰ ਕਿਸਾਨ ਆਗੂ ਬਲਤੇਜ ਸਿੰਘ ਦਿਆਲਪੁਰਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾਈ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ, ਜੱਗਾ ਸਿੰਘ ਡੱਲਾ, ਮਨਪ੍ਰੀਤ ਸਿੰਘ ਜੋਸ਼ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਅਮਰਜੀਤ ਸਿੰਘ ਭਿੰਡੀ ਸੈਦਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਆਮ ਲੋਕਾਂ ’ਤੇ ਮਹਿੰਗਾਈ ਦਾ ਬੋਝ ਲਗਾਤਾਰ ਵਧ ਰਿਹਾ ਹੈ। ਪ੍ਰਧਾਨ ਡਾ. ਅਜਨਾਲਾ ਨੇ ਕਿਹਾ ਕਿ ਸਰਕਾਰ ਵਲੋਂ ਕਾਰਪੋਰੇਟੀ ਘਰਾਨਿਆਂ ਅਤੇ ਵੱਡੇ ਵਪਾਰੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਖੰਡ ਦੀਆਂ ਕੀਮਤਾਂ ਵਿਚ ਵਾਧੇ ਲਈ ਜੰਗ ਅਤੇ ਹੋਰ ਕਾਰਨਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਜਦਕਿ ਉਨ੍ਹਾਂ ਮੁਤਾਬਿਕ ਅਸਲ ਹਾਲਾਤ ਕੁਝ ਹੋਰ ਹਨ । ਉਨ੍ਹਾਂ ਕਿਹਾ ਕਿ ਇਕ ਕੁਇੰਟਲ ਗੰਨੇ ਤੋਂ ਕਰੀਬ 10 ਕਿੱਲੋ ਖੰਡ ਦੇ ਨਾਲ ਮੌਲਾਸਿਸ (ਸੀਰਾ) ਜਿਸ ਵਿਚੋਂ 4 ਬੋਤਲਾਂ ਆਲਾ ਦਰਜੇ ਦੀ ਸ਼ਰਾਬ ਬਣਦੀ ਹੈ ਅਤੇ 30-32 ਕਿੱਲੋ ਚੂਰਾ ਤੇ 4-5 ਕਿੱਲੋ ਮਡ ਬਣਦਾ ਹੈ । ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਵਸਤਾਂ ਦੀ ਘੱਟੋ ਘੱਟ ਕੀਮਤ 4000 ਰੁਪਏ ਬਣਦੀ ਹੈ ਪਰ ਸਿਤਮ ਦੀ ਗੱਲ ਹੈ ਕਿ ਕੇਂਦਰ ਵਲੋਂ ਗੰਨੇ ਦੀ ਕੀਮਤ 356 ਰੁਪਏ ਅਤੇ ਪੰਜਾਬ ਸਰਕਾਰ ਵਲੋਂ 415 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਸਰਕਾਰਾਂ ਲੋਕਾਂ ਨੂੰ ਰਾਹਤ ਦੇਣ ਤਾਂ ਖੰਡ ਦੀ ਕੀਮਤ ਕਾਫ਼ੀ ਘੱਟ ਕੀਤੀ ਜਾ ਸਕਦੀ ਹੈ। ਉਨ੍ਹਾਂ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਮਹਿੰਗਾਈ ਖ਼ਿਲਾਫ਼ ਇਕਜੁੱਟ ਹੋ ਕੇ ਕਾਲਾਬਾਜ਼ਾਰੀ ਅਤੇ ਮੁਨਾਫ਼ਾ-ਖ਼ੋਰੀ ਵਿਰੁੱਧ ਸੰਘਰਸ਼ ਤੇਜ਼ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪ੍ਰੋ. ਮਾਲਕ ਸਿੰਘ ਗੁਰਾਲਾ, ਸਰਪੰਚ ਇੰਦਰਜੀਤ ਸਿੰਘ ਅਨੈਤਪੁਰਾ, ਸੁੱਖ ਅੰਮ੍ਰਿਤਪਾਲ ਸਿੰਘ ਅਜਨਾਲਾ, ਸੰਤ ਸਿੰਘ ਬਾਜਵਾ, ਗੁਰਸਿਮਰਨ ਸਿੰਘ ਡਿਆਲ ਭੱਟੀ, ਜਸਕਰਨ ਸਿੰਘ ਗੱਗੋਮਾਹਲ, ਮਨਪ੍ਰੀਤ ਸਿੰਘ, ਜੋਗਰਾਜ ਸਿੰਘ, ਵਿਜੇ, ਲਵ ਸਿੰਘ, ਲਵਪ੍ਰੀਤ ਸਿੰਘ, ਸਾਜਨਦੀਪ ਸਿੰਘ, ਮਨੀ ਰੰਧਾਵਾ, ਜਸਪਾਲ ਸਿੰਘ ਕਮੀਰਪੁਰਾ, ਰਾਜਾ ਸਿੰਘ, ਜੱਗਾ ਸਿੰਘ ਚੱੜਤੇਵਾਲ, ਜਗਤਾਰ ਸਿੰਘ ਸਾਹੋਵਾਲ, ਮੋਨੂੰ ਸਿੰਘ ਬੇਦੀ ਛੰਨਾ, ਸਤਪਾਲ ਸਿੰਘ, ਜੱਗਾ ਸਿੰਘ ਵਾੜਾ, ਸਰਪੰਚ ਸੁਖਦੇਵ ਸਿੰਘ, ਬਲਵਿੰਦਰ ਸਿੰਘ ਮੁਜੱਫਰਪੁਰ, ਹਰਜਿੰਦਰ ਸਿੰਘ ਛੀਨਾ ਰਾਏਪੁਰ ਆਦਿ ਹਾਜ਼ਰ ਸਨ।