ਵਪਾਰ ਤੇ ਉਦਯੋਗ ਦੇ ਵਫ਼ਦ ਨੇ ਡੀ. ਸੀ. ਪੀ. ਜੁਗਰਾਜ ਸਿੰਘ ਨਾਲ ਕੀਤੀ ਮੁਲਾਕਾਤ
ਪੁਲਿਸ ਸੁਰੱਖਿਆ ਵਧਾਉਣ ਅਤੇ ਗਸ਼ਤ ਵਾਹਨਾਂ ਦੀ ਗਿਣਤੀ 50 ਤੋਂ ਵਧਾ ਕੇ 68 ਕਰਨ ਦੀ ਮੰਗ
ਅੰਮ੍ਰਿਤਸਰ, 10 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਵਪਾਰ ਤੇ ਉਦਯੋਗ ਦੇ ਇਕ ਸਾਂਝੇ ਵਫ਼ਦ ਨੇ ਅੱਜ ਜੁਗਰਾਜ ਸਿੰਘ ਡੀ. ਸੀ.
ਅੰਮ੍ਰਿਤਸਰ, 10 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਵਪਾਰ ਤੇ ਉਦਯੋਗ ਦੇ ਇਕ ਸਾਂਝੇ ਵਫ਼ਦ ਨੇ ਅੱਜ ਜੁਗਰਾਜ ਸਿੰਘ ਡੀ. ਸੀ. ਪੀ. ਓਪਰੇਸ਼ਨਜ਼ ਅੰਮ੍ਰਿਤਸਰ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਤਿਉਹਾਰਾਂ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਚਰਚਾ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕੰਫਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ਦੇ ਸੀਨੀਅਰ ਉਪ ਪ੍ਰਧਾਨ ਪੰਜਾਬ ਰਾਜਿੰਦਰ ਸਿੰਘ ਮਰਵਾਹਾ, ਅਤੇ ਜ਼ਿਲ੍ਹਾ ਪ੍ਰਧਾਨ ਸੰਦੀਪ ਖੋਸਲਾ ਨੇ ਕੀਤੀ। ਵਫ਼ਦ ਨੇ ਦੀਵਾਲੀ ਦੌਰਾਨ ਬਾਜ਼ਾਰਾਂ ‘ਚ ਸੈਲਾਨੀਆਂ ਅਤੇ ਖਰੀਦਦਾਰਾਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਮੁੱਖ ਉਦਯੋਗਿਕ ਅਤੇ ਵਪਾਰਕ ਬਾਜ਼ਾਰਾਂ ‘ਚ ਸੁਰੱਖਿਆ ਵਧਾਉਣ ਅਤੇ ਗਸ਼ਤ ਤੇਜ਼ ਕਰਨ ਦੀ ਮੰਗ ਕੀਤੀ। ਡੀ. ਸੀ. ਪੀ. ਜੁਗਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗਸ਼ਤ ਵਾਹਨਾਂ ਦੀ ਗਿਣਤੀ 50 ਤੋਂ ਵਧਾ ਕੇ 68 ਕਰ ਦਿੱਤੀ ਹੈ ਅਤੇ ਹੁਣ ਹਰੇਕ ਪੁਲਿਸ ਸਟੇਸ਼ਨ ਖੇਤਰ ਲਈ ਵੱਖਰੀਆਂ ਮੋਬਾਈਲ ਵੈਨਾਂ ਤਾਇਨਾਤ ਕੀਤੀਆਂ ਜਾਣਗੀਆਂ। ਉਨ੍ਹਾਂ ਵਪਾਰੀਆਂ ਅਤੇ ਉਦਯੋਗਪਤੀਆਂ ਦੀ ਸੁਰੱਖਿਆ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਵਫ਼ਦ ਨੇ ਵਪਾਰ ਅਤੇ ਉਦਯੋਗ ਲਈ ਇਕ ਨੋਡਲ ਅਫ਼ਸਰ ਨਿਯੁਕਤ ਕਰਨ ਦੀ ਮੰਗ ਕੀਤੀ। ਡੀ. ਸੀ. ਪੀ. ਨੇ ਇਸ ਸੁਝਾਅ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਲਈ ਦੋ ਨੋਡਲ ਅਫ਼ਸਰ, ਇਕ ਸੀਨੀਅਰ ਅਤੇ ਇਕ ਜੂਨੀਅਰ ਨਿਯੁਕਤ ਕੀਤੇ ਜਾਣਗੇ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ‘ਚ ਸਿੱਧੇ ਸੰਪਰਕ ਲਈ ਉਨ੍ਹਾਂ ਦੇ ਨੰਬਰ ਸਾਰੀਆਂ ਐਸੋਸੀਏਸ਼ਨਾਂ ਨਾਲ ਸਾਂਝੇ ਕੀਤੇ ਜਾਣਗੇ। ਇਹ ਵੀ ਫੈਸਲਾ ਕੀਤਾ ਗਿਆ ਕਿ ਦੀਵਾਲੀ ਤੋਂ ਪਹਿਲਾਂ ਮੁੱਖ ਬਾਜ਼ਾਰਾਂ ‘ਚ ਖੇਤਰ-ਵਾਰ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਸਾਰੀਆਂ ਐਸੋਸੀਏਸ਼ਨਾਂ ਹਰ ਮਹੀਨੇ ਪੁਲਿਸ ਨਾਲ ਇਕ ਸਾਂਝੀ ਮੀਟਿੰਗ ਕਰਨਗੀਆਂ ਤਾਂ ਜੋ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ। ਵਫ਼ਦ ਨੇ ਡੀ. ਸੀ. ਪੀ. ਦਾ ਸਕਾਰਾਤਮਕ ਹੁੰਗਾਰਾ ਦੇਣ ਲਈ ਧੰਨਵਾਦ ਕੀਤਾ।