ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਖੇਡ ਕਮੇਟੀਆਂ ਦੀ ਸਾਲਾਨਾ ਜਨਰਲ ਮੀਟਿੰਗ
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪੁਰਸ਼ ਤੇ ਮਹਿਲਾ ਖੇਡ ਕਮੇਟੀਆਂ ਦੀ ਸਾਲਾਨਾ ਜਨਰਲ ਮੀਟਿੰਗ ਡਾਇਰੈਕਟਰ ਸਪੋਰਟਸ ਦੇ ਦਫ਼ਤਰ ਵਿਖੇ ਸਫਲਤਾਪੂਰਵਕ ਹੋਈ। ਉਪ ਕੁਲਪਤੀ ਪ੍ਰੋ.
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪੁਰਸ਼ ਤੇ ਮਹਿਲਾ ਖੇਡ ਕਮੇਟੀਆਂ ਦੀ ਸਾਲਾਨਾ ਜਨਰਲ ਮੀਟਿੰਗ ਡਾਇਰੈਕਟਰ ਸਪੋਰਟਸ ਦੇ ਦਫ਼ਤਰ ਵਿਖੇ ਸਫਲਤਾਪੂਰਵਕ ਹੋਈ। ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਤੇ ਸਰਪ੍ਰਸਤੀ ਹੇਠ ਹੋਈ ਇਸ ਉੱਚ ਪੱਧਰੀ ਮੀਟਿੰਗ ’ਚ ਯੂਨੀਵਰਸਿਟੀ ਦੇ ਪ੍ਰਮੁੱਖ ਅਧਿਕਾਰੀਆਂ, ਖੇਡ ਅਧਿਕਾਰੀਆਂ ਤੇ ਸੰਬੰਧਿਤ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਸ਼ਿਰਕਤ ਕਰਕੇ ਸ਼ਾਨਦਾਰ ਖੇਡ ਪ੍ਰਾਪਤੀਆਂ ਦੀ ਸਮੀਖਿਆ ਕੀਤੀ, ਨਵੀਆਂ ਨਿਯੁਕਤੀਆਂ ਨੂੰ ਪ੍ਰਵਾਨਗੀ ਦਿੱਤੀ ਅਤੇ ਯੂਨੀਵਰਸਿਟੀ ਦੇ ਖੇਡ ਢਾਂਚੇ ਨੂੰ ਅੱਗੇ ਵਧਾਉਣ ਲਈ ਰਣਨੀਤੀ ਤਿਆਰ ਕੀਤੀ। ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਨੇ ਆਏ ਹੋਏ ਪ੍ਰਿੰਸੀਪਲ ਮੈਂਬਰਾਂ ਦਾ ਰਸਮੀ ਸਵਾਗਤ ਕੀਤਾ ਅਤੇ ਸੰਬੰਧਿਤ ਅਦਾਰਿਆਂ ਵਿਚ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸਮਾਗਮ ਦਾ ਮੁੱਖ ਆਕਰਸ਼ਣ ਅੰਤਰਰਾਸ਼ਟਰੀ ਪੱਧਰ ’ਤੇ ਯੂਨੀਵਰਸਿਟੀ ਦੇ ਖਿਡਾਰੀਆਂ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਦਾ ਜਸ਼ਨ ਮਨਾਉਣਾ ਰਿਹਾ। ਡਾ. ਕੰਵਰ ਮਨਦੀਪ ਸਿੰਘ ਨੇ ਮਾਣ ਨਾਲ ਐਲਾਨ ਕੀਤਾ ਕਿ ਯੂਨੀਵਰਸਿਟੀ ਦੇ 11 ਖਿਡਾਰੀ (4 ਨਿਸ਼ਾਨੇਬਾਜ਼, 5 ਫੈਂਸਰ ਅਤੇ 2 ਸਾਈਕਲਿਸਟ) ਜਾਪਾਨ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ 2026 ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ। ਇਸ ਤੋਂ ਇਲਾਵਾ, ਯੂਨੀਵਰਸਿਟੀ ਦੇ ਸਾਬਕਾ ਖਿਡਾਰੀ ਅਤੇ ਨਿਸ਼ਾਨੇਬਾਜ਼ ਅਖਿਲ ਸ਼ੇਰੋਨ ਦੀ ਵੱਕਾਰੀ ‘ਅਰਜੁਨ ਐਵਾਰਡ’ ਲਈ ਚੋਣ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਮੀਟਿੰਗ ਵਿਚ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਸਤਨਾਮ ਸਿੰਘ ਦਿਓਲ, ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਸਰੋਜ ਅਰੋੜਾ, ਮਹਿਲਾ ਖੇਡ ਕਮੇਟੀ ਦੀ ਪ੍ਰਧਾਨ ਅਤੇ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੀ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸਮੇਤ ਐੱਸ. ਐੱਨ. ਕਾਲਜ (ਅੰਮ੍ਰਿਤਸਰ), ਜੀ. ਐੱਨ. ਕਾਲਜ (ਫਗਵਾੜਾ) ਤੇ ਖਾਲਸਾ ਕਾਲਜ (ਅੰਮ੍ਰਿਤਸਰ) ਦੇ ਪ੍ਰਿੰਸੀਪਲਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਾਲ 2026-2027 ਲਈ ਨਵੀਂ ਚੋਣ ਕੀਤੀ ਗਈ, ਜਿਸ ’ਚ ਗੁਰੂ ਨਾਨਕ ਦੇਵ ਕਾਲਜ ( ਫਗਵਾੜਾ) ਦੇ ਪ੍ਰਿੰਸੀਪਲ ਡਾ. ਗੁਰਦੇਵ ਸਿੰਘ ਨੂੰ ਪੁਰਸ਼ ਖੇਡ ਕਮੇਟੀ ਅਤੇ ਬੀ.ਬੀ.ਕੇ. ਡੀ.ਏ.ਵੀ. ਕਾਲਜ (ਅੰਮ੍ਰਿਤਸਰ) ਦੀ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੂੰ ਮਹਿਲਾ ਖੇਡ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਖਾਲਸਾ ਕਾਲਜ (ਅੰਮ੍ਰਿਤਸਰ) ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੂੰ ਪੁਰਸ਼ ਕਮੇਟੀ ਅਤੇ ਐੱਸ.ਐੱਨ. ਕਾਲਜ (ਅੰਮ੍ਰਿਤਸਰ) ਦੀ ਪ੍ਰਿੰਸੀਪਲ ਡਾ. ਰੀਨਾ ਤਲਵਾੜ ਨੂੰ ਮਹਿਲਾ ਖੇਡ ਕਮੇਟੀ ਦਾ ਮੀਤ ਪ੍ਰਧਾਨ ਚੁਣਿਆ ਗਿਆ।