ਜੀ. ਐਨ. ਡੀ. ਐੱਚ. ਵਿਖੇ ਪ੍ਰਾਈਵੇਟ ਐਂਬੂਲੈਂਸ ਚਾਲਕ ਮਰੀਜ਼ਾਂ ਕੋਲੋਂ ਮਨਮਰਜ਼ੀ ਦੀਆਂ ਕੀਮਤਾਂ ਕਰ ਰਹੇ ਵਸੂਲ
ਹਸਪਤਾਲ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ
ਅੰਮ੍ਰਿਤਸਰ, 25 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਪ੍ਰਾਈਵੇਟ ਐਂਬੂਲੈਂਸ ਚਾਲਕਾਂ ਵਲੋਂ ਮਨਮਰਜੀ ਦੀਆਂ ਕੀਮਤਾਂ ਵਸੂਲਣ ਤੋਂ ਲੋਕ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਹਨ। ਇਸ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਬੇਵਸੀ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਖੁੱਲ੍ਹੇਆਮ ਲੁੱਟਿਆਂ ਜਾਂਦਾ ਹੈ।
ਅੰਮ੍ਰਿਤਸਰ, 25 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਪ੍ਰਾਈਵੇਟ ਐਂਬੂਲੈਂਸ ਚਾਲਕਾਂ ਵਲੋਂ ਮਨਮਰਜੀ ਦੀਆਂ ਕੀਮਤਾਂ ਵਸੂਲਣ ਤੋਂ ਲੋਕ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਹਨ। ਇਸ ਦੌਰਾਨ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਬੇਵਸੀ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਖੁੱਲ੍ਹੇਆਮ ਲੁੱਟਿਆਂ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਗੁਰੂ ਨਾਨਕ ਦੇਵ ਹਸਪਤਾਲ (ਜੀ. ਐਨ. ਡੀ. ਐਚ.) ਵਿਖੇ ਵੀ ਦੇਖਣ ਨੂੰ ਮਿਲਿਆ ਹੈ। ਜਿਥੇ ਪ੍ਰਾਈਵੇਟ ਐਂਬੂਲੈਂਸ ਚਾਲਕਾਂ ਵਲੋਂ ਮਰੀਜਾਂ ਕੋਲੋਂ ਮਨਮਰਜੀ ਦੀਆਂ ਕੀਮਤਾਂ ਵਸੂਲੀਆਂ ਜਾ ਰਹੀਆਂ ਹਨ। ਕੀ ਹੈ ਮਾਮਲਾ : ਜਾਣਕਾਰੀ ਮੁਤਾਬਕ ਵੀਰਵਾਰ ਦੀ ਰਾਤ ਇਕ ਕੈਂਸਰ ਦੀ ਮਰੀਜ਼ ਨੂੰ ਜੀ. ਐਨ. ਡੀ. ਐਚ. ਵਿਖੇ ਐਮਰਜੈਂਸੀ ਰੂਮ ਦਾਖ਼ਲ ਕਰਵਾਇਆ ਗਿਆ, ਲੇਕਿਨ ਸਵੇਰੇ ਤੜਕਸਾਰ ਉਸਦੀ ਮੌਤ ਹੋ ਗਈ। ਇਸ ਦੌਰਾਨ ਮ੍ਰਿਤਕ ਦੀ ਦੇਹ ਨੂੰ ਘਰ ਲਿਜਾਉਣ ਲਈ ਉਸ ਦੇ ਵਾਰਸਾਂ ਵਲੋਂ ਭਾਰੀ ਮੁਸ਼ਕਤ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਡਾਕਟਰਾਂ ਵਲੋਂ ਮ੍ਰਿਤਕ ਦੇਹ ਨੂੰ ਲਿਜਾਣ ਲਈ ਹਸਪਤਾਲ ’ਚ ਸਰਕਾਰੀ ਐਂਬੂਲੈਂਸ ਦੀ ਸਹੂਲਤ ਨਾ ਹੋਣ ਦਾ ਹਵਾਲਾ ਦਿੱਤਾ ਗਿਆ। ਜਿਸ ਤੋਂ ਬਾਅਦ ਮਰੀਜ਼ ਦੇ ਵਾਰਸ ਹਸਪਤਾਲ ਦੇ ਐਮਰਜੈਂਸੀ ਰੂਮ ਦੇ ਬਾਹਰ ਬੈਠੇ ਪ੍ਰਾਈਵੇਟ ਐਂਬੂਲੈਂਸ ਚਾਲਕਾਂ ਕੋਲ ਪਹੁੰਚ ਗਏ। ਇਕ ਚਾਲਕ ਨੇ ਮ੍ਰਿਤਕ ਦੇਹ ਨੂੰ 7 ਕਿਲੋਮੀਟਰ ਦੇ ਦਾਇਰੇ ਅੰਦਰ ਲਿਜਾਣ ਲਈ 1800 ਰੁਪਏ ਦੀ ਮੰਗ ਕੀਤੀ। ਇਸ ਦੌਰਾਨ ਮਰੀਜ਼ ਦੇ ਵਾਰਸਾਂ ਵਲੋਂ ਕੀਮਤ ਜ਼ਿਆਦਾ ਹੋਣ ਦਾ ਹਵਾਲਾ ਦਿੰਦੇ ਹੋਏ ਭਾਰੀ ਇੰਤਰਾਜ਼ ਵੀ ਜਤਾਇਆ ਗਿਆ। ਉਨ੍ਹਾਂ ਹਸਪਤਾਲ ਪ੍ਰਸ਼ਾਸਨ ਤੇ ਸਿਹਤ ਵਿਭਾਗ ਪਾਸੋਂ ਮੰਗ ਕੀਤੀ ਕਿ ਅਜਿਹੇ ਪ੍ਰਾਈਵੇਟ ਚਾਲਕਾਂ ਦੀ ਮਨਮਰਜੀ ਦੀਆਂ ਕੀਮਤਾਂ ਨੂੰ ਠੱਲ ਪਾਈ ਜਾਵੇ ਤਾਂ ਜੋ ਆਮ ਜਨਤਾ ਦੀ ਲੁੱਟ-ਖਸੁੱਟ ਨੂੰ ਰੋਕਿਆ ਜਾ ਸਕੇ। ਕੀ ਕਹਿੰਦੇ ਹਨ ਅਧਿਕਾਰੀ : ਇਸ ਸੰਬੰਧੀ ਜਦ ਗੂਰੂ ਨਾਨਕ ਦੇਵ ਹਸਪਤਾਲ ਦੇ ਐੱਮ. ਐੱਸ. ਡਾ. ਕਰਮਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਪ੍ਰਾਈਵੇਟ ਐਂਬੂਲੈਂਸ ਚਾਲਕ ਗ਼ੈਰ ਕਾਨੂੰਨੀ ਤੌਰ ’ਤੇ ਹਸਪਤਾਲ ਕੰਪਲੈਕਸ ਅੰਦਰ ਬੈਠੇ ਹੋਏ ਹਨ। ਇਨ੍ਹਾਂ ਖ਼ਿਲਾਫ਼ ਕਈ ਵਾਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਇਨ੍ਹਾਂ ਨੂੰ ਕੰਪਲੈਕਸ ਤੋਂ ਬਾਹਰ ਵੀ ਕੀਤਾ ਜਾ ਚੁੱਕਾ ਹੈ ਲੇਕਿਨ ਫਿਰ ਵੀ ਇਨ੍ਹਾਂ ਦਾ ਕੰਪਲੈਕਸ ਅੰਦਰ ਦਖ਼ਲ ਬੰਦ ਨਹੀਂ ਹੋ ਰਿਹਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨ੍ਹਾਂ ਖ਼ਿਲਾਫ਼ ਠੋਸ ਕਾਰਵਾਈ ਦੀ ਮੰਗ ਵੀ ਕੀਤੀ।