ਗੋਲ ਬਾਗ ਸਟੇਡੀਅਮ ’ਚ ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ 2026-27 ਦਾ ਸ਼ਾਨਦਾਰ ਆਗਾਜ਼, 200 ਤੋਂ ਵੱਧ ਖਿਡਾਰੀਆਂ ਨੇ ਲਿਆ ਹਿੱਸਾ
ਅੰਮ੍ਰਿਤਸਰ, 3 ਨਵੰਬਰ (ਹਰਮਿੰਦਰ ਸਿੰਘ)-ਅੰਮ੍ਰਿਤਸਰ ਡਿਸਟ੍ਰਿਕਟ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਗੋਲ ਬਾਗ ਸਟੇਡੀਅਮ, ਅੰਮ੍ਰਿਤਸਰ ਵਿਖੇ ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ 2026-27 ਦਾ ਆਗਾਜ਼ ਕੀਤਾ ਗਿਆ। ਇਸ ਚੈਂਪੀਅਨਸ਼ਿਪ ਵਿਚ 200 ਤੋਂ ਵੱਧ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਅੰਮ੍ਰਿਤਸਰ, 3 ਨਵੰਬਰ (ਹਰਮਿੰਦਰ ਸਿੰਘ)-ਅੰਮ੍ਰਿਤਸਰ ਡਿਸਟ੍ਰਿਕਟ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਗੋਲ ਬਾਗ ਸਟੇਡੀਅਮ, ਅੰਮ੍ਰਿਤਸਰ ਵਿਖੇ ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ 2026-27 ਦਾ ਆਗਾਜ਼ ਕੀਤਾ ਗਿਆ। ਇਸ ਚੈਂਪੀਅਨਸ਼ਿਪ ਵਿਚ 200 ਤੋਂ ਵੱਧ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੁਕਾਬਲੇ ਦਾ ਮੁੱਖ ਮਕਸਦ ਜ਼ਿਲ੍ਹੇ ਵਿਚ ਟੇਬਲ ਟੈਨਿਸ ਦੀ ਖੇਡ ਨੂੰ ਉਤਸ਼ਾਹਿਤ ਕਰਨਾ ਅਤੇ ਨਵੀਂ ਖੇਡ ਪ੍ਰਤਿਭਾ ਨੂੰ ਆਪਣੀ ਯੋਗਤਾ ਦਿਖਾਉਣ ਲਈ ਇਕ ਵਧੀਆ ਮੰਚ ਪ੍ਰਦਾਨ ਕਰਨਾ ਹੈ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਨਲਵਾ ਅਤੇ ਮੀਤ ਪ੍ਰਧਾਨ ਕੰਵਰ ਬਿਕਰਮ ਝਬਾਲ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਚੈਂਪੀਅਨਸ਼ਿਪ ਦੌਰਾਨ ਪ੍ਰਧਾਨ ਹਰਦੀਪ ਨਲਵਾ ਅਤੇ ਮੀਤ ਪ੍ਰਧਾਨ ਕੰਵਰ ਬਿਕਰਮ ਝਬਾਲ ਵਲੋਂ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਉਦੇਸ਼ ਅੰਮ੍ਰਿਤਸਰ ਦੇ ਹੋਣਹਾਰ ਖਿਡਾਰੀਆਂ ਨੂੰ ਜ਼ਿਲ੍ਹਾ ਪੱਧਰ ਤੋਂ ਅੱਗੇ ਸੂਬਾ ਅਤੇ ਕੌਮੀ ਪੱਧਰ ਤੱਕ ਆਪਣੀ ਪ੍ਰਤਿਭਾ ਦਿਖਾਉਣ ਦੇ ਵਧੇਰੇ ਮੌਕੇ ਪ੍ਰਦਾਨ ਕਰਨਾ ਹੈ। ਐਸੋਸੀਏਸ਼ਨ ਵਲੋਂ ਜ਼ਿਲ੍ਹੇ ਵਿਚ ਟੇਬਲ ਟੈਨਿਸ ਨੂੰ ਪ੍ਰਫੁੱਲਤ ਕਰਨ, ਨਵੀਂ ਖੇਡ ਪ੍ਰਤਿਭਾ ਨੂੰ ਤਰਾਸ਼ਣ ਅਤੇ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ ਗਈ।