ਡੀ. ਏ. ਵੀ. ਕਾਲਜ ਦੀ ਲੋਕਲ ਯੂਨਿਟ ਨੇ ਪੀ. ਸੀ. ਸੀ. ਟੀ. ਯੂ. ਦੀ ਰੈਲੀ ’ਚ ਕੀਤੀ ਸ਼ਮੂਲੀਅਤ
ਅੰਮ੍ਰਿਤਸਰ, 29 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.
ਅੰਮ੍ਰਿਤਸਰ, 29 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮ੍ਰਿਤਸਰ ਦੀ ਲੋਕਲ ਯੂਨਿਟ ਵਲੋਂ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ. ਸੀ. ਸੀ. ਟੀ. ਯੂ.) ਦੇ ਬੈਨਰ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਬਾਹਰ ਆਯੋਜਿਤ ਏਰੀਆ ਰੈਲੀ ’ਚ ਸ਼ਮੂਲੀਅਤ ਕੀਤੀ ਗਈ। ਇਸ ਰੈਲੀ ’ਚ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਅਤੇ ਨੁਮਾਇੰਦਿਆਂ ਨੇ ਸ਼ਮੂਲੀਅਤ ਕਰਦਿਆਂ ਪੰਜਾਬ ਦੇ ਕਾਲਜ ਅਧਿਆਪਕਾਂ ਨਾਲ ਸੰਬੰਧਿਤ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ। ਇਸ ਮੌਕੇ ਗੱਲਬਾਤ ਕਰਦਿਆਂ ਸਕੱਤਰ ਪ੍ਰੋ. ਆਸ਼ੂ ਵਿਜ ਨੇ ਕਿਹਾ ਕਿ ਇਹ ਸੰਘਰਸ਼ ਪੰਜਾਬ ਦੇ ਕਾਲਜ ਅਧਿਆਪਕਾਂ ਦੇ ਵਜੂਦ ਅਤੇ ਸਨਮਾਨ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉੱਚ ਸਿੱਖਿਆ ਦੇ ਵਿਕਾਸ ਸੰਬੰਧੀ ਆਪਣੇ ਵਾਅਦਿਆਂ ਨੂੰ ਪੂਰਾ ਕਰਨ ’ਚ ਅਸਫਲ ਰਹੀ ਹੈ। ਪ੍ਰੋ. ਵਿਜ ਨੇ ਕਿਹਾ ਕਿ ਅਧਿਆਪਕਾਂ ਨੂੰ ਆਪਣੇ ਜਾਇਜ਼ ਹੱਕਾਂ ਦੀ ਪ੍ਰਾਪਤੀ ਲਈ ਇਕਜੁੱਟ ਹੋ ਕੇ ਸਾਂਝਾ ਸੰਘਰਸ਼ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੀ. ਸੀ. ਸੀ. ਟੀ. ਯੂ. ਦੀ ਸੂਬਾਈ ਲੀਡਰਸ਼ਿਪ ਦੀ ਅਗਵਾਈ ਹੇਠ ਚੱਲ ਰਹੇ ਸੂਬਾ ਪੱਧਰੀ ਅੰਦੋਲਨ ਤਹਿਤ ਅਗਲੀ ਸੂਬਾ ਪੱਧਰੀ ਰੈਲੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵਿਧਾਨ ਸਭਾ ਹਲਕੇ ਦਿ੍ੜ੍ਹਬਾ ਵਿਖੇ ਕੀਤੀ ਜਾਵੇਗੀ। ਡੀ. ਏ. ਵੀ. ਕਾਲਜ ਦੀ ਲੋਕਲ ਯੂਨਿਟ ਦੇ ਮੈਂਬਰ ਵੀ ਇਸ ਰੈਲੀ ’ ਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨਗੇ। ਡੀ. ਏ. ਵੀ. ਕਾਲਜ ਦੀ ਲੋਕਲ ਯੂਨਿਟ ਨੇ ਅਧਿਆਪਕਾਂ ਦੇ ਹੱਕਾਂ ਦੀ ਰਾਖੀ ਅਤੇ ਪੰਜਾਬ ਦੇ ਗ੍ਰਾਂਟ-ਇਨ-ਏਡ ਕਾਲਜਾਂ ਦੀ ਮਰਿਆਦਾ ਅਤੇ ਵਿੱਤੀ ਸਥਿਰਤਾ ਦੀ ਬਹਾਲੀ ਲਈ ਪੀ. ਸੀ. ਸੀ. ਟੀ. ਯੂ. ਦੀ ਸੂਬਾਈ ਲੀਡਰਸ਼ਿਪ ਵਲੋਂ ਚਲਾਏ ਜਾ ਰਹੇ ਸਾਂਝੇ ਸੰਘਰਸ਼ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਇਸ ਰੈਲੀ ’ਚ ਡੀ. ਏ. ਵੀ. ਕਾਲਜ ਅੰਮ੍ਰਿਤਸਰ ਵਲੋਂ ਡਾ. ਬੀ.ਬੀ. ਯਾਦਵ (ਜਨਰਲ ਸਕੱਤਰ ਪੀ. ਸੀ. ਸੀ. ਟੀ. ਯੂ.), ਡਾ. ਆਸ਼ੀਸ਼ ਗੁਪਤਾ, ਡਾ. ਵਿਕਰਮ ਚੌਧਰੀ, ਡਾ. ਕੇ. ਐੱਸ. ਆਰੀਆ, ਡਾ. ਗੌਰਵ ਸ਼ਰਮਾ ਅਤੇ ਡਾ. ਕਿਰਨ ਖੰਨਾ ਨੇ ਸ਼ਮੂਲੀਅਤ ਕੀਤੀ।