ਅੰਤਰਰਾਸ਼ਟਰੀ ਸੰਮੇਲਨ ਦੌਰਾਨ ਵਾਤਾਵਰਨ ਸੁਰੱਖਿਆ, ਸਿਹਤ ਅਤੇ ਸਵੱਛ ਊਰਜਾ ਦੇ ਭਵਿੱਖ ਬਾਰੇ ਵਿਚਾਰ-ਚਰਚਾ
ਅੰਮ੍ਰਿਤਸਰ, 29 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮ੍ਰਿਤਸਰ ਦੀ 450 ਸਾਲਾ ਸਥਾਪਨਾ ਵਰ੍ਹੇਗੰਢ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਪ੍ਰੋ. (ਡਾ.)
ਅੰਮ੍ਰਿਤਸਰ, 29 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅੰਮ੍ਰਿਤਸਰ ਦੀ 450 ਸਾਲਾ ਸਥਾਪਨਾ ਵਰ੍ਹੇਗੰਢ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਸਰਪ੍ਰਸਤੀ ਅਤੇ ਅਗਵਾਈ ਹੇਠ ਕਰਵਾਏ ਜਾ ਰਹੇ ਦੋ ਰੋਜ਼ਾ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਵੱਖ-ਵੱਖ ਵਿਗਿਆਨਕ ਸੈਸ਼ਨਾਂ ਦੀ ਲੜੀ ਤਹਿਤ ‘ਟਿਕਾਊ ਵਿਕਾਸ, ਜੀਵਨ ਦੀ ਬਿਹਤਰ ਗੁਣਵੱਤਾ, ਸਿਹਤ ਅਤੇ ਵਿਗਿਆਨ’ ਵਿਸ਼ੇ ’ਤੇ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ। ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿਖੇ ਕਰਵਾਏ ਗਏ ਇਸ ਸੈਸ਼ਨ ਦਾ ਸੰਚਾਲਨ ਮਨੁੱਖੀ ਜੈਨੇਟਿਕਸ ਵਿਭਾਗ ਦੇ ਮੁਖੀ ਪ੍ਰੋ. (ਡਾ.) ਕਮਲੇਸ਼ ਗੁਲੇਰੀਆ ਨੇ ਕੀਤਾ। ਉਨ੍ਹਾਂ ਨੇ ਆਏ ਹੋਏ ਮਾਹਿਰਾਂ ਦਾ ਸਵਾਗਤ ਕਰਦਿਆਂ ਸੈਸ਼ਨ ਦੇ ਚੇਅਰਪਰਸਨ ਡਾ. ਵਿਜੇ ਕੁਮਾਰ ਬੱਬਰ, ਸੀਨੀਅਰ ਰਿਸਰਚ ਇੰਜੀਨੀਅਰ, ਇੰਸਪੈਕਸ਼ਨ ਐਂਡ ਮਾਨੀਟਰਿੰਗ ਟੈਕਨਾਲੋਜੀਜ਼ ਬ੍ਰਾਂਚ, ਕੈਨੇਡੀਅਨ ਨਿਊਕਲੀਅਰ ਲੈਬਾਰਟਰੀਜ਼, ਚਾਕ ਰਿਵਰ, ਕੈਨੇਡਾ ਨਾਲ ਜਾਣ-ਪਛਾਣ ਕਰਵਾਈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪ੍ਰੋ. (ਡਾ.) ਸੰਜੀਵ ਪੁਰੀ ਨੇ ‘ਇਕ ਜੁੜੇ ਹੋਏ ਸੰਸਾਰ ਵਿਚ ਸੈੱਲ ਆਧਾਰਿਤ ਇਲਾਜ ਰਾਹੀਂ ਜੀਵਨ ਦੀ ਟਿਕਾਊ ਪੁਨਰ-ਸਿਰਜਣਾ’ ਵਿਸ਼ੇ ’ਤੇ ਆਪਣਾ ਭਾਸ਼ਣ ਦਿੱਤਾ।ਮੈਟੇਵਾੜਾ ਜੰਗਲਾਤ, ਸਤਲੁਜ ਦਰਿਆ ਅਤੇ ਬੁੱਢੇ ਦਰਿਆ ਦੀ ਸੰਭਾਲ ਲਈ ਬਣਾਈ ਗਈ ਪਬਲਿਕ ਐਕਸ਼ਨ ਕਮੇਟੀ, ਲੁਧਿਆਣਾ ਦੇ ਮੈਂਬਰ ਕਰਨਲ (ਸੇਵਾਮੁਕਤ) ਸੀ. ਐੱਮ. ਲਖਨ ਪਾਲ ਨੇ ‘ਵਾਤਾਵਰਣਕ ਸੰਤੁਲਨ, ਜਲਵਾਯੂ ਸਥਿਰਤਾ ਅਤੇ ਟਿਕਾਊ ਹਰਿਤ ਵਿਕਾਸ’ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ।ਆਈ. ਆਈ. ਟੀ. ਰੋਪੜ ਦੇ ਡਾ. ਨੀਲਕੰਠ ਨਿਰਮਲਕਰ ਨੇ ‘ਇੰਜੀਨੀਅਰਿੰਗ ਅਤੇ ਮੈਡੀਕਲ ਖੇਤਰ ਵਿਚ ਨੈਨੋਬਬਲ ਤਕਨੀਕ ਇਕ ਟਿਕਾਊ ਹਰਿਤ ਤਕਨੀਕ ਵਜੋਂ’ ਵਿਸ਼ੇ ’ਤੇ ਆਪਣੀ ਪੇਸ਼ਕਾਰੀ ਦਿੱਤੀ। ਸੈਸ਼ਨ ਦੇ ਚੇਅਰਪਰਸਨ ਡਾ. ਵਿਜੇ ਕੁਮਾਰ ਬੱਬਰ ਨੇ ‘ਘੱਟ ਜ਼ਮੀਨੀ ਖੇਤਰ ਵਿਚ ਵੱਡਾ ਪ੍ਰਭਾਵ: ਪ੍ਰਮਾਣੂ ਊਰਜਾ ਦੀ ਟਿਕਾਊ ਭਵਿੱਖ ਲਈ ਅਹਿਮੀਅਤ’ ਵਿਸ਼ੇ ’ਤੇ ਭਾਸ਼ਣ ਦਿੱਤਾ। ਇਸ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ ਅਤੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਦੀ ਕੋਆਰਡੀਨੇਟਰ ਪ੍ਰੋ. (ਡਾ.) ਵਸੁਧਾ ਸਾਂਬਿਆਲ ਵਲੋਂ ਸਨਮਾਨਿਤ ਕੀਤਾ ਗਿਆ। ਅੰਤ ਵਿਚ ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।