ਖਾਲੜਾ, 2 ਜਨਵਰੀ (ਜੱਜਪਾਲ ਸਿੰਘ ਜੱਜ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਬਾਰੇ ਚਰਚਿਤ ਮਾਮਲਾ ਸਿਰਫ ਧਾਰਮਿਕ ਮਾਮਲਾ ਹੀ ਨਹੀਂ ਹੈ, ਇਸ ਮਾਮਲੇ 'ਚ ਕੀਤਾ ਗਿਆ ਭਿ੍ਸਟਾਚਾਰ ਵੀ ਵਿਚਾਰਨਯੋਗ ਹੈ | ਖੁਦ ਸ਼੍ਰੋਮਣੀ ਕਮੇਟੀ ਵਲੋਂ ਕਰਵਾਈ ਗਈ ਜਾਂਚ ਵਿਚ ਕੁਝ ਅਧਿਕਾਰੀ ਅਤੇ ਮੁਲਾਜ਼ਮ ਦੋਸ਼ੀ ਪਾਏ ਗਏ ਅਤੇ ਉਨ੍ਹਾਂ ਉੱਪਰ ਬਣਦੀ ਕਾਰਵਾਈ ਕੀਤੀ ਗਈ | ਇਸ ਮਾਮਲੇ ਵਿਚ 328 ਪਾਵਨ ਸਰੂਪ ਜਿਨ੍ਹਾਂ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਦਿੱਤੇ ਗਏ, ਉਨ੍ਹਾਂ ਤੋਂ ਬਣਦੀ ਭੇਟਾ ਲਈ ਗਈ, ਪਰ ਸ਼੍ਰੋਮਣੀ ਕਮੇਟੀ ਦੇ ਖਾਤੇ ਵਿਚ ਜਮ੍ਹਾਂ ਨਹੀਂ ਕਰਵਾਈ ਗਈ, ਜੋ ਕਿ ਸਿੱਧਾ ਭਿ੍ਸਟਾਚਾਰ ਦਾ ਕੇਸ ਬਣਦਾ ਹੈ | ਸ਼੍ਰੋਮਣੀ ਕਮੇਟੀ ਸੰਗਤ ਦੀ ਮਾਇਆ ਨਾਲ ਚੱਲਦੀ ਹੈ, ਜਿਸ ਕਾਰਨ ਸੰਗਤ ਵਿਚ ਇਸ ਮਾਮਲੇ ਦੇ ਉਜਾਗਰ ਹੋਣ ਨਾਲ ਰੋਸ ਪੈਦਾ ਹੋਇਆ | ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ, ਉੱਘੇ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਸੁਰਜੀਤ ਸਿੰਘ ਭੁੱਚਰ ਨੇ ਉਕਤ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਾਰੇ ਘਟਨਾਕ੍ਰਮ ਕਾਰਨ ਸਿੱਖ ਜਥੇਬੰਦੀਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਲਈ ਪਿਛਲੇ ਕਾਫੀ ਸਮੇਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸਨ | ਭਿ੍ਸ਼ਟ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰ ਪੁਲਿਸ ਮਹਿਕਮੇ ਕੋਲ ਹੈ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਬਿਲਕੁਲ ਜਾਇਜ ਹੈ |