ਪੱਟੀ, 2 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਾਰਡ ਨੰ. 2 ਪੱਟੀ ਸਾਂਸੀਆਂ ਵਸਤੀ ਵਿਖੇ ਡਿਊਟੀ ਮਜਿਸਟ੍ਰੇਟ ਤਹਿਸੀਲਦਾਰ ਪੱਟੀ ਅੰਮਿਤ੍ਰਪਾਲ ਕੌਰ ਦੀ ਨਿਗਰਾਨੀ ਹੇਠ ਸੇਵਾ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਘਰ 'ਤੇ ਪੀਲਾ ਪੰਜਾ ਚਲਾ ਕੇ ਢਾਹਿਆ ਗਿਆ | ਇਸ ਮੌਕੇ ਰਿਪੁਤਾਪਨ ਸਿੰਘ ਐਸ.ਪੀ. ਤਰਨ ਤਾਰਨ ਨੇ ਦੱਸਿਆ ਕਿ ਐਸ.ਐਸ.ਪੀ. ਸੁਰਿੰਦਰ ਲਾਂਬਾ ਦੇ ਨਿਰਦੇਸ਼ਾਂ 'ਤੇ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ | ਜਿਸ ਤਹਿਤ ਸੇਵਾ ਸਿੰਘ ਖਿਲਾਫ਼ ਨਸ਼ਿਆਂ ਦੇ ਮਾਮਲੇ ਦਰਜ ਸਨ, ਜਿਸ 'ਤੇ ਨਸ਼ਿਆਂ ਤੋਂ ਕਮਾਈ ਕਰਕੇ ਇਹ ਜਾਇਦਾਦ ਨਾਜਾਇਜ਼ ਕਬਜੇ ਅਧੀਨ ਬਣਾਈ ਹੈ, ਜਿਸ ਨੂੰ ਅੱਜ ਢਾਹ ਦਿੱਤਾ ਗਿਆ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸੌਦਾਗਰਾਂ ਦੀਆਂ ਹੋਰ ਜਾਇਦਾਦਾਂ ਦੀ ਨਿਸ਼ਾਨਦੇਹੀ ਕਰਕੇ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਧੰਦੇ ਤੋਂ ਬਾਜ ਆਉਣ ਅਤੇ ਸਹੀ ਰਸਤਾ ਅਖਤਿਆਰ ਕਰਨ ਨਹੀ ਤਾਂ ਇਹੀ ਹਸ਼ਰ ਹੋਵੇਗਾ | ਇਸ ਮੌਕੇ ਡਿਊਟੀ ਮੈਜਿਸਟ੍ਰੇਟ ਅਫਸਰ ਤਹਿਸੀਲਦਾਰ ਪੱਟੀ ਅੰਮਿ੍ਤਪਾਲ ਕੌਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਤਰਨ ਤਾਰਨ ਪਾਸੋਂ ਮਿਲੇ ਨਿਰਦੇਸ਼ਾਂ 'ਤੇ ਸੇਵਾ ਸਿੰਘ ਦਾ ਘਰ ਢਾਹਿਆ ਗਿਆ ਹੈ, ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ਼ਨਾਖਤ ਹੋਈ ਹੈ ਕਿ ਸੇਵਾ ਸਿੰਘ ਨੇ ਨਸ਼ਿਆਂ ਦੀ ਕਮਾਈ ਕਰਕੇ ਨਾਜਾਇਜ਼ ਤਰੀਕੇ ਨਾਲ ਸਰਕਾਰੀ ਜਗ੍ਹਾ 'ਤੇ ਕਬਜਾ ਕਰਕੇ ਘਰ ਬਣਾਇਆ ਹੈ, ਜਿਸ ਨੂੰ ਢਾਹ ਦਿੱਤਾ ਗਿਆ ਹੈ | ਇਸ ਮੌਕੇ ਜਗਬੀਰ ਸਿੰਘ ਡੀ.ਐਸ.ਪੀ. ਤਰਨ ਤਾਰਨ (ਪੱਟੀ), ਇੰਸ: ਕਵਲਜੀਤ ਰਾਏ ਥਾਣਾ ਮੁੱਖੀ ਸਿਟੀ ਪੱਟੀ ਵੀ ਮੌਜੂਦ ਸਨ |