ਚੇਤਨਪੁਰਾ, 3 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਅਜਨਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਵਲੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਹਲਕਾ ਅਜਨਾਲਾ ਦੇ ਪਿੰਡ ਤਲਵੰਡੀ ਨਾਹਰ, ਤਲਵੰਡੀ ਸਿਪਾਹੀ ਮੱਲ, ਨਵਾਂ ਪਿੰਡ, ਸੁੱਖ ਸਾਗਰ ਕਲੋਨੀ ਅਤੇ ਮੋਹਨ ਭੰਡਾਰੀਆਂ ਆਦਿ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕਾ ਅਜਨਾਲਾ ਅੰਦਰ ਵੱਡੇ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਜੋ ਵਿਕਾਸ ਕਾਰਜ ਚੱਲ ਰਹੇ ਹਨ, ਜਿਨ੍ਹਾਂ ਨੂੰ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ | ਉਨ੍ਹਾਂ ਨੇ ਅੱਗੇ ਕਿਹਾ ਕਿ 15 ਜਨਵਰੀ ਤੋਂ ਸੂਬੇ ਵਿਚ 10 ਲੱਖ ਰੁਪਏ ਤੱਕ ਮੁਫਤ ਇਲਾਜ ਦੀ ਸਿਹਤ ਬੀਮਾ ਸਕੀਮ ਲਾਗੂ ਹੋ ਜਾਵੇਗੀ ਅਤੇ ਇਹ ਸਕੀਮ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਇਸ ਮੁਫਤ ਸਿਹਤ ਸਕੀਮ ਤਹਿਤ ਲਾਭਪਾਤਰੀਆਂ ਲਈ ਨਾ ਤਾਂ ਜਾਤੀ ਵਰਗ ਅਤੇ ਨਾ ਹੀ ਆਮਦਨ ਹੱਦ ਦੀ ਸ਼ਰਤ ਲਾਗੂ ਹੋਵੇਗੀ | ਸੂਬੇ ਦੇ 800 ਸਰਕਾਰੀ ਹਸਪਤਾਲਾਂ ਸਮੇਤ ਸੂਚੀਬੱਧ ਨਿੱਜੀ ਹਸਪਤਾਲਾਂ 'ਚ ਲਾਭਪਾਤਰ 2 ਹਜ਼ਾਰ ਤੋਂ ਵੱਧ ਬਿਮਾਰੀਆਂ ਅਤੇ ਸਰਜਰੀਆਂ ਆਦਿ ਇਲਾਜ ਪ੍ਰਕਿਰਿਆਵਾਂ ਦਾ ਲਾਭ ਉਠਾਉਣ ਦੇ ਹੱਕਦਾਰ ਹੋਣਗੇ | ਇਸੇ ਤਰ੍ਹਾਂ ਹੀ ਸੂਬਾ ਸਰਕਾਰ ਵਲੋਂ 'ਸਾਡੇ ਬਜ਼ੁਰਗ-ਸਾਡਾ ਮਾਨ' ਸਕੀਮ 16 ਜਨਵਰੀ ਤੋਂ ਲਾਗੂ ਹੋਵੇਗੀ | ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਬਲਾਕ ਵਿਕਾਸ ਦੇ ਪੰਚਾਇਤ ਅਫਸਰ ਰਮਦਾਸ ਪਵਨ ਕੁਮਾਰ, ਪੀ.ਏ. ਮੁਖਤਾਰ ਸਿੰਘ ਬੱਲੜਵਾਲ, ਸਰਪੰਚ ਮਲਕੀਤ ਸਿੰਘ ਨਵਾਂ ਪਿੰਡ ਆਦਿ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਇਲਾਕੇ ਦੇ ਪੰਚ, ਸਰਪੰਚ ਅਤੇੇ 'ਆਪ' ਵਰਕਰ ਵੱਡੀ ਗਿਣਤੀ 'ਚ ਹਾਜ਼ਰ ਸਨ |