ਹਰੀਕੇ ਪੱਤਣ, 5 ਜਨਵਰੀ (ਸੰਜੀਵ ਕੁੰਦਰਾ)-ਕਸਬਾ ਹਰੀਕੇ ਵਿਖੇ ਪੁਰਾਣੇ ਰੋਡ 'ਤੇ ਪੈਲੇਸ ਨਜ਼ਦੀਕ 2 ਸਰਕਾਰੀ ਬੱਸਾਂ ਅਤੇ ਇੱਟਾਂ ਨਾਲ ਲੱਦੀ ਟਰੈਕਟਰ ਟਰਾਲੀ ਦੀ ਜ਼ਬਰਦਸਤ ਟੱਕਰ ਵਿਚ ਦਰਜਨ ਦੇ ਕਰੀਬ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਦੀ ਬੱਸ ਨੰ. ਪੀ.ਬੀ. 06 ਏ.ਐਸ. 8314 ਅਤੇ ਦੂਸਰੀ ਰੋਡਵੇਜ਼ ਦੀ ਬੱਸ ਨੰ ਪੀ ਬੀ 06 ਏ.ਐਸ. 9525 ਅੰਮਿ੍ਤਸਰ ਤੋਂ ਹਰੀਕੇ ਵੱਲ ਆ ਰਹੀਆਂ ਸਨ ਕਿ ਹਰੀਕੇ ਪੱਤਣ ਪੁਰਾਣੇ ਰੋਡ ਤੇ ਪੈਲੈਸ ਤੋਂ ਅੱਗੇ ਜਾ ਕੇ ਓਵਰਟੇਕ ਕਰਦਿਆਂ 2 ਬੱਸਾਂ ਅਤੇ ਟਰੈਕਟਰ ਟਰਾਲੀ ਦੀ ਜ਼ਬਰਦਸਤ ਟੱਕਰ ਹੋ ਗਈ | ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਟਾਂ ਨਾਲ ਲੱਦੀ ਟਰੈਕਟਰ ਟਰਾਲੀ ਬੱਸ ਦੇ ਅੰਦਰ ਧੱਸ ਗਈ ਜਦ ਕਿ ਦੂਸਰੀ ਬੱਸ ਟੱਕਰ ਤੋਂ ਬਾਅਦ ਬੇਕਾਬੂ ਹੋ ਕੇ ਦਰਖ਼ਤ ਵਿਚ ਜਾ ਵੱਜੀ | ਇਸ ਟੱਕਰ ਦੌਰਾਨ ਬੱਸਾਂ ਦੀਆਂ ਸਵਾਰੀਆਂ ਅਤੇ ਟਰੈਕਟਰ ਟਰਾਲੀ ਚਾਲਕ ਅਤੇ ਟਰੈਕਟਰ ਸਵਾਰ ਸਮੇਤ ਦਰਜਨ ਦੇ ਕਰੀਬ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਿੰਨਾਂ ਵਿਚ ਮਹਿਲਾਵਾਂ ਵੀ ਸਨ | ਹਾਦਸੇ ਦੀ ਸੂਚਨਾ ਮਿਲਦੇ ਹੀ ਚੰਦ ਮਿੰਟਾਂ ਵਿਚ ਐਸ.ਐਚ.ਓ. ਹਰੀਕੇ ਬਲਬੀਰ ਸਿੰਘ ਤੁਰੰਤ ਮੌਕੇ ਤੇ ਪੁੱਜੇ ਅਤੇ ਪੁਲਿਸ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਗੰਭੀਰ ਜ਼ਖ਼ਮੀਆਂ ਨੂੰ ਬੱਸ ਵਿਚੋਂ ਬਾਹਰ ਕੱਢ ਕੇ ਆਪਣੀ ਸਰਕਾਰੀ ਗੱਡੀ ਵਿੱਚ ਹਸਪਤਾਲ ਭੇਜਿਆ | ਹਾਦਸੇ ਦਾ ਦਿ੍ਸ਼ ਬਹੁਤ ਭਿਆਨਕ ਸੀ | ਕਈ ਸਵਾਰੀਆਂ ਦੀਆਂ ਲੱਤਾਂ ਟੁੱਟ ਗਈਆਂ | ਗੰਭੀਰ ਜ਼ਖਮੀ ਵਿਅਕਤੀ ਦਰਦ ਨਾਲ ਬੁਰੀ ਤਰ੍ਹਾਂ ਕਰਾਹ ਰਹੇ ਸਨ | ਇਸ ਟੱਕਰ ਵਿਚ ਬੱਸ ਡਰਾਈਵਰ ਗੁਰਸੇਵਕ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਲੱਖੂਵਾਲਾ, ਡਰਾਈਵਰ ਮਨਪ੍ਰੀਤ ਸਿੰਘ, ਸਤੀਸ਼ ਸਿੰਘ ਕੰਡਕਟਰ,ਕੁਲਦੀਪ ਕੌਰ ਵਾਸੀ ਚੰਦ ਬਾਜਾ,ਜਸਕਰਨ ਸਿੰਘ ਵਾਸੀ ਚੰਦ ਬਾਜਾ, ਮਨਪ੍ਰੀਤ ਕੌਰ ਵਾਸੀ ਜੀਰਾ, ਹਰਜਿੰਦਰ ਕੌਰ ਵਾਸੀ ਚੰਦ ਬਾਜਾ,ਗੁਰਜੀਤ ਸਿੰਘ ਵਾਸੀ ਚੰਦ ਬਾਜਾ, ਸੰਦੀਪ ਕੌਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਰੀਕੇ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਕੁਝ ਵਿਅਕਤੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਤਰਨ ਤਾਰਨ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ |