ਭਿੱਖੀਵਿੰਡ, 5 ਜਨਵਰੀ (ਬੌਬੀ)-ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਪਾ ਰਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਪੱਟੀ ਵਲੋਂ ਪਿੰਡ ਸੁਰ ਸਿੰਘ ਵਿਖੇ ਅੱਖਾਂ ਦੀ ਜਾਂਚ ਲਈ ਮੁਫ਼ਤ ਕੈਂਪ ਲਗਾਇਆ ਗਿਆ | ਕੈਂਪ ਦੌਰਾਨ 350 ਮਰੀਜ਼ਾਂ ਦੀ ਜਾਂਚ ਕੀਤੀ ਗਈ | ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਦੱਸਿਆ ਕਿ ਸੁਸਾਇਟੀ ਵਲੋਂ ਸਮੇਂ-ਸਮੇਂ 'ਤੇ ਅੱਖਾਂ ਦੇ ਮੁਫ਼ਤ ਕੈਂਪ ਲਗਾਏ ਜਾਂਦੇ ਹਨ, ਤਾਂ ਜੋ ਬਜ਼ੁਰਗ ਤੇ ਲੋੜਵੰਦ ਲੋਕ ਇਸ ਸੁੰਦਰ ਦੁਨੀਆ ਨੂੰ ਸਪੱਸ਼ਟ ਤੌਰ 'ਤੇ ਦੇਖ ਸਕਣ | ਇਸੇ ਲੜੀ ਤਹਿਤ ਇਹ ਕੈਂਪ ਸੁਰ ਸਿੰਘ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੰਗਰ ਕਮੇਟੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਮਰੀਜ਼ਾਂ ਦੀ ਜਾਂਚ ਲੁਧਿਆਣਾ ਦੇ ਮਸ਼ਹੂਰ ਸ਼ੰਕਰਾ ਆਈ ਕੇਅਰ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਕੀਤੀ ਗਈ | 200 ਮਰੀਜ਼ਾਂ ਨੂੰ ਐਨਕਾਂ ਵੰਡੀਆਂ ਗਈਆਂ, ਜਦਕਿ 60 ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ ਅਤੇ ਜਿੰਨ੍ਹਾਂ ਦੇ ਆਪ੍ਰੇਸ਼ਨ ਸੁਸਾਇਟੀ ਵਲੋਂ ਬਿਲਕੁੱਲ ਫ੍ਰੀ ਕਰਵਾਏ ਜਾਣਗੇ | ਇਸ ਮੌਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੰਗਰ ਕਮੇਟੀ ਦੇ ਪ੍ਰਬੰਧਕ ਤੇਜਿੰਦਰ ਸਿੰਘ ਛੀਨਾ ਅਤੇ ਡਾਕਟਰ ਹੀਰਾ ਸਿੰਘ ਨੇ ਕਿਹਾ ਕਿ ਸਮਾਜ ਸੇਵਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ | ਜੇ ਕੁਦਰਤ ਨੇ ਕਿਸੇ ਨੂੰ ਯੋਗ ਬਣਾਇਆ ਹੈ ਕਿ ਉਹ ਹੋਰਾਂ ਦੀ ਮਦਦ ਕਰ ਸਕੇ, ਤਾਂ ਉਸ ਨੂੰ ਅੱਗੇ ਆ ਕੇ ਸਹਾਇਤਾ ਜ਼ਰੂਰ ਕਰਨੀ ਚਾਹੀਦੀ ਹੈ | ਇਸ ਮੌਕੇ ਲੰਗਰ ਕਮੇਟੀ ਵਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਸੁਸਾਇਟੀ ਮੈਂਬਰ ਗੁਰਵਿੰਦਰ ਸਿੰਘ ਬਰਵਾਲਾ ਨੇ ਦੱਸਿਆ ਕਿ ਅਗਲਾ ਅੱਖਾਂ ਦਾ ਕੈਂਪ 7 ਜਨਵਰੀ ਨੂੰ ਨਦੋਹਰ ਪਿੰਡ ਵਿਖੇ ਗੁਰਦੁਆਰਾ ਨਾਮ ਜਪੋ ਸਾਹਿਬ ਵਿੱਚ ਲਗਾਇਆ ਜਾਵੇਗਾ | ਉਨ੍ਹਾਂ ਨੇ ਲੋੜਵੰਦ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਨਾਲ ਹਾਜ਼ਰ ਹੋਣ | ਇਸ ਮੌਕੇ ਡਾ. ਇੰਦਰਪ੍ਰੀਤ ਸਿੰਘ ਧਾਮੀ, ਕੇ.ਪੀ ਗਿੱਲ, ਵਿਸ਼ਾਲ ਸੂਦ, ਮਾਸਟਰ ਜਸਪ੍ਰੀਤ ਸਿੰਘ, ਮਾਸਟਰ ਰਵਿੰਦਰ ਸਿੰਘ ਅਤੇ ਡਾ. ਸਰਬਪ੍ਰੀਤ ਸਿੰਘ ਵੀ ਹਾਜ਼ਰ ਸਨ |