ਤਰਨ ਤਾਰਨ, 24 ਜਨਵਰੀ (ਇਕਬਾਲ ਸਿੰਘ ਸੋਢੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਕੁਝ ਵਿਅਕਤੀ ਵਲੋਂ ਇਕ ਵਿਅਕਤੀ ਦੀ ਪੈਲੀ 'ਤੇ ਕਬਜਾ ਕਰਨ ਲੈ ਕੈ ਬੀਜੀ ਹੋਈ ਫਸਲ ਵਾਹੁਣ ਅਤੇ ਉਸ ਨਾਲ ਕੁੱਟਮਾਰ ਕਰਕੇ ਗੰਭੀਰ ਜ਼ਖਮੀ ਕਰਨ ਦੇ ਮਾਮਲੇ ਵਿਚ 9 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਵੈਰੋਂਵਾਲ ਵਿਖੇ ਵੀਰ ਸਿੰਘ ਪੁੱਤਰ ਅਰੂੜ ਸਿੰਘ ਵਾਸੀ ਕੁੜੀਵਲਾਹ ਨੇ ਸ਼ਿਕਾਇਤ ਦਰਜ ਕਰਵਾਈ ਕਿ 20 ਜਨਵਰੀ ਨੂੰ ਹਰਭਜਨ ਸਿੰਘ ਪੁੱਤਰ ਹਜਾਰਾ ਸਿੰਘ ਵਾਸੀ ਕੁੜੀਵਲਾਹ ਜੋ ਪੈਲੀ 'ਤੇ ਕਬਜਾ ਕਰਨ ਦੀ ਨੀਅਤ ਨਾਲ ਆਪਣੇ ਟਰੈਕਟਰ ਨਾਲ ਭੁਪਿੰਦਰ ਸਿੰਘ ਦੀ ਬੀਜੀ ਪੈਲੀ ਵਿਚ ਆਲੂ ਵਾਹ ਰਿਹਾ ਸੀ ਅਤੇ ਉਸ ਨਾਲ ਹਥਿਆਰਾਂ ਨਾਲ ਲੈਸ ਲਖਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ, ਚਰਨਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀਆਨ ਕੁੜੀਵਲਾਹ, ਸੰਦੀਪ ਸਿੰਘ ਪੁੱਤਰ ਬਖਸ਼ੀਸ ਸਿੰਘ ਵਾਸੀ ਪੰਡੋੋਰੀ ਗੋਲਾ, ਬਖਸ਼ੀਸ ਸਿੰਘ ਵਾਸੀ ਪੰਡੋਰੀ ਗੋਲਾ, ਗੁਰਦੀਪ ਕੌਰ ਪਤਨੀ ਹਜਾਰਾ ਸਿੰਘ ਅਤੇ ਰਾਜਵਿੰਦਰ ਕੋਰ ਪਤਨੀ ਹਰਭਜਨ ਸਿੰਘ, ਜਗਦੀਪ ਕੋਰ ਪਤਨੀ ਮੁਖਵਿੰਦਰ ਸਿੰਘ ਵਾਸੀਅਨ ਕੁੜੀਵਲਾਹ ਪੈਲੀ ਵਿਚ ਖੜੇ ਸਨ | ਹਰਭਜਨ ਸਿੰਘ ਜੋ ਕਿ ਟਰੈਕਟਰ ਚਲਾ ਰਿਹਾ ਸੀ, ਨੂੰ ਜਦੋਂ ਉਸ ਨੇ ਰੋਕਣਾ ਚਾਹਿਆ ਤਾਂ ਉਥੇ ਖੜੇ ਉਕਤ ਸਾਰਿਆਂ ਉਸ ਨਾਲ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ | ਪੈਲੀ ਵਿਚ ਬੀਜੇ ਆਲੂ ਦੀ ਫਸਲ ਸਾਰੀ ਟਰੈਕਟਰ ਨਾਲ ਵਾਹ ਕੇ ਖਰਾਬ ਕਰ ਦਿੱਤੀ | ਜਾਂਚ ਅਧਿਕਾਰੀ ਏ.ਐੱਸ.ਆਈ. ਬਿੱਕਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |