21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਤਰਨ ਤਾਰਨ ’ਚ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਸ਼ਹਿਰ ਮਾਰਚ

ਤਰਨ ਤਾਰਨ, (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ 21 ਅਗਸਤ ਦੇ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਜ਼ਿਲ੍ਹਾ ਜਥੇਬੰਦੀ ਤਰਨ ਤਾਰਨ ਵਲੋਂ ਸ਼ੁੱਕਰਵਾਰ ਨੂੰ ਤਰਨ ਤਾਰਨ ਸ਼ਹਿਰ ਵਿਚ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਧਾਨ ਇੰਜੀ. ਹਰਜੀਤ ਸਿੰਘ ਮੀਆਂਪੁਰ ਤੇ ਦਲਜੀਤ ਸਿੰਘ ਬਾਜਵਾ ਹਲਕਾ ਇੰਚਾਰਜ ਖਡੂਰ ਸਾਹਿਬ ਦੀ ਅਗਵਾਈ ਵਿਚ ਮਾਰਚ ਕੀਤਾ।

Ad Position 21
No active advertisement
ਅਜੀਤ ਡੈਸਕ 22-08-2026
ਤਰਨ ਤਾਰਨ, (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ 21 ਅਗਸਤ ਦੇ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਜ਼ਿਲ੍ਹਾ ਜਥੇਬੰਦੀ ਤਰਨ ਤਾਰਨ ਵਲੋਂ ਸ਼ੁੱਕਰਵਾਰ ਨੂੰ ਤਰਨ ਤਾਰਨ ਸ਼ਹਿਰ ਵਿਚ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਧਾਨ ਇੰਜੀ. ਹਰਜੀਤ ਸਿੰਘ ਮੀਆਂਪੁਰ ਤੇ ਦਲਜੀਤ ਸਿੰਘ ਬਾਜਵਾ ਹਲਕਾ ਇੰਚਾਰਜ ਖਡੂਰ ਸਾਹਿਬ ਦੀ ਅਗਵਾਈ ਵਿਚ ਮਾਰਚ ਕੀਤਾ। ਸ਼ਹਿਰ ਵਿਚ ਸਾਰੀਆਂ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਸਨ। ਬੋਹੜੀ ਚੌਕ ਵਿਖੇ ਗੱਲਬਾਤ ਕਰਦਿਆਂ ਮੀਆਂਪੁਰ ਅਤੇ ਬਾਜਵਾ ਨੇ ਦੱਸਿਆ ਕਿ ਸ਼ਹਿਰ ਵਿਚ ਅੱਜ ਮੁਕੰਮਲ ਬੰਦ ਹੈ। ਵਰਨਣਯੋਗ ਹੈ ਕਿ ਅੱਜ ਦੇ ਬੰਦ ਦਾ ਸੱਦਾ ਕੌਮੀ ਇਨਸਾਫ਼ ਮੋਰਚੇ ਵਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਨਾ ਦੇਣ ਕਾਰਨ ਅਤੇ 15 ਅਗਸਤ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਦੇ ਹੱਕ ’ਚ ਸ਼ਾਂਤਮਈ ਸਿੱਖ ਜਥੇਬੰਦੀਆਂ ਦੇ ਰੋਸ ਮਾਰਚ ਤੇ ਕੀਤੇ ਅਣਮਨੁੱਖੀ ਤਸ਼ੱਦਦ ਦੇ ਵਿਰੋਧ ਵਿਚ ਦਿੱਤਾ ਗਿਆ ਸੀ । ਇਸ ਮੌਕੇ ਹਰਪਾਲ ਸਿੰਘ ਫ਼ੌਜੀ ਬੱਚੜੇ, ਯੂਥ ਆਗੂ ਪਿ੍ੰਸ ਬਾਠ, ਪ੍ਰਗਟ ਸਿੰਘ ਕੰਗ, ਬਲਜੀਤ ਸਿੰਘ ਪੀ.ਏ., ਰੌਬਿਨ ਗਿੱਲ, ਬਿਕਰਮਜੀਤ ਸਿੰਘ, ਕਮਲ ਬਾਜਵਾ, ਹਰਜੀਤ ਸਿੰਘ ਬਾਠ, ਅਮਾਨਤ ਸਿੰਘ ਪਵਾਰ, ਦਲਜੀਤ ਸਿੰਘ ਨਿੱਕਾ ਮੀਆਂਪੁਰ, ਅੰਗਰੇਜ਼ ਸਿੰਘ ਮੀਆਂਪੁਰ ਆਦਿ ਹਾਜ਼ਰ ਸਨ। ਹਰੀਕੇ ਪੱਤਣ ਵਿਚ ਬੰਦ ਨੂੰ ਭਰਵਾਂ ਹੁੰਗਾਰਾ ਹਰੀਕੇ ਪੱਤਣ, (ਸੰਜੀਵ ਕੁੰਦਰਾ)- ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਮਾਝੇ ਦੇ ਪ੍ਰਵੇਸ਼ ਦੁਆਰ ਕਸਬਾ ਹਰੀਕੇ ਪੱਤਣ ਵਿਚ ਵੀ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਹਰੀਕੇ ਬਾਜ਼ਾਰ ਵਿਚ ਦੁਕਾਨਾਂ ਸਵੇਰ ਵੇਲੇ ਤੋਂ ਦੁਪਹਿਰ 2 ਵਜੇ ਤੱਕ ਪੂਰਨ ਰੂਪ ਵਿਚ ਬੰਦ ਰਹੀਆਂ ਅਤੇ ਸੜਕਾਂ ਤੇ ਆਵਾਜਾਈ ਵੀ ਬਹੁਤ ਘੱਟ ਨਜ਼ਰ ਆ ਰਹੀ ਹੈ। ਨਿੱਜੀ ਕੰਪਨੀਆਂ ਦੀਆਂ ਬੱਸਾਂ ਤਾਂ ਬਿਲਕੁਲ ਹੀ ਬੰਦ ਸਨ ਜਦਕਿ ਸਰਕਾਰੀ ਬੱਸਾਂ ਵੀ ਇੱਕਾ-ਦੁੱਕਾ ਹੀ ਸੜਕ ’ਤੇ ਨਜ਼ਰ ਆਈਆਂ।ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲ ਅਤੇ ਬੈਂਕਾਂ ਵੀ ਬੰਦ ਸਨ। ਸੜਕਾਂ ’ਤੇ ਬਾਜ਼ਾਰਾਂ ਵਿਚ ਬੰਦ ਕਾਰਨ ਬੇ-ਰੌਣੇਕੀ ਛਾਈ ਰਹੀ। ਸੜਕਾਂ ’ਤੇ ਬੱਚੇ ਕ੍ਰਿਕਟ ਖੇਡਦੇ ਨਜ਼ਰ ਆਏ। ਦੁਪਹਿਰ 2 ਵਜੇ ਤੋਂ ਬਾਅਦ ਦੁਕਾਨਾਂ ਖੁੱਲਣੀਆਂ ਸ਼ੁਰੂ ਹੋ ਗਈਆ ਤੇ ਕੁਝ ਦੁਕਾਨਾਂ ਖੁੱਲ ਗਈਆ ਅਤੇ ਕਈ ਦੁਕਾਨਦਾਰਾਂ ਨੇ 2 ਵਜੇ ਤੋਂ ਬਾਅਦ ਵੀ ਦੁਕਾਨਾਂ ਬੰਦ ਹੀ ਰੱਖੀਆਂ। ਝਬਾਲ ਰਿਹਾ ਬੰਦ, ਸਿੱਖ ਜਥੇਬੰਦੀਆਂ ਨੇ ਕੱਢਿਆ ਮਾਰਚ ਝਬਾਲ, (ਸੁਖਦੇਵ ਸਿੰਘ)-ਕੌਮੀ ਇਨਸਾਫ਼ ਮੋਰਚੇ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਕਸਬਾ ਝਬਾਲ ਪੂਰੀ ਤਰ੍ਹਾਂ ਬੰਦ ਰਿਹਾ। ਇਸ ਮੌਕੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਭਾਈ ਤਰਲੋਚਨ ਸਿੰਘ ਸੋਹਲ, ਸੂਬਾ ਸਿੰਘ ਰਾਮ ਰੌਣੀ, ਭਾਈ ਸਰੂਪ ਸਿੰਘ ਭੁੱਚਰ, ਭਾਈ ਸਤਨਾਮ ਸਿੰਘ ਖੰਡਾ ਦੀ ਅਗਵਾਈ ਹੇਠ ਕਸਬੇ ਦੇ ਮੁੱਖ ਬਾਜ਼ਾਰਾਂ ਵਿਚ ਮਾਰਚ ਕੱਢਿਆ ਗਿਆ। ਜਥੇਬੰਦੀਆਂ ਦੇ ਆਗੂਆਂ ਨੇ ਦੁਕਾਨਦਾਰਾਂ ਨੂੰ ਬੰਦ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ। ਜਿਸ ’ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਪੂਰਾ ਸਹਿਯੋਗ ਦਿੱਤਾ। ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੀ ਆਵਾਜਾਈ ਵੀ ਬੰਦ ਰਹੀ। ਬਾਅਦ ਵਿਚ ਸਮੂਹ ਜਥੇਬੰਦੀਆਂ ਵਲੋਂ ਝਬਾਲ ਦੇ ਮੁੱਖ ਚੌਂਕ ਵਿਚ ਬੈਠ ਕੇ ਸ਼ਾਂਤਮਈ ਢੰਗ ਨਾਲ ਵਾਹਿਗੁਰੂ ਦਾ ਸਿਮਰਨ ਕੀਤਾ ਗਿਆ। ਉਨ੍ਹਾਂ ਝਬਾਲ ਦੇ ਵਪਾਰੀਆਂ, ਦੁਕਾਨਦਾਰਾਂ ਅਤੇ ਸਮੂਹ ਨਗਰ ਨਿਵਾਸੀਆਂ ਦਾ ਬੰਦ ਨੂੰ ਸਫਲ ਬਣਾਉਣ ਲਈ ਦਿੱਤੇ ਸਹਿਯੋਗ ‘ਤੇ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸ਼ਮਸ਼ੇਰ ਸਿੰਘ ਭੋਜੀਆਂ, ਨਾਨਕ ਸਿੰਘ ਕਸੇਲ , ਸਤਨਾਮ ਸਿੰਘ ਸੋਹਲ, ਗੁਰਦੇਵ ਸਿੰਘ ਜਠੌਲ, ਭਾਈ ਚੰਨਪ੍ਰੀਤ ਸਿੰਘ, ਕਰਨਜੀਤ ਸਿੰਘ, ਚੈਂਚਲ ਸਿੰਘ, ਰਜਵੰਤ ਸਿੰਘ, ਹੁਸਨਦੀਪ ਸਿੰਘ, ਸੁਖਜਿੰਦਰ ਸਿੰਘ ਕਿੰਗ ਆਦਿ ਹਾਜ਼ਰ ਸਨ। ਝਬਾਲ ਚੌਂਕ ਵਿੱਚ ਵਾਹਿਗੁਰੂ ਦਾ ਜਾਪ ਕਰਦੇ ਹੋਏ ਸਿੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਕਸਬਾ ਭਿੱਖੀਵਿੰਡ ਰਿਹਾ ਪੂਰੀ ਤਰ੍ਹਾਂ ਬੰਦ ਭਿੱਖੀਵਿੰਡ, ਬੌਬੀ)-ਕੌਮੀ ਇਨਸਾਫ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਦੇ ਪੰਜਾਬ ਬੰਦ ਦੇ ਸੰਬੰਧ ਵਿਚ ਭਿੱਖੀਵਿੰਡ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਿਹਾ ਸਰਕਾਰੀ ਸਕੂਲ ਖੁੱਲ੍ਹੇ ਰਹੇ, ਜਦਕਿ ਨਿੱਜੀ ਸਕੂਲ ਅਤੇ ਕਾਲਜ ਬੰਦ ਰਹੇੇ। ਇਸ ਮੌਕੇ ਲੋਕਾਂ ਵਲੋਂ ਕੌਮੀ ਇਨਸਾਫ ਮੋਰਚੇ ਨੂੰ ਪੂਰਾ ਸਮਰਥਨ ਦਿੱਤਾ ਗਿਆ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਵਲੋਂ ਭਿੱਖੀਵਿੰਡ ਮੇਨ ਚੌਂਕ ਵਿਚ ਇਕ ਰੋਸ ਧਰਨਾ ਦਿੱਤਾ ਗਿਆ, ਜਿਸ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕੀਤਾ ਅਤੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ, ਜਿੰਨਾਂ ਨੇ ਬੰਦ ਨੂੰ ਪੂਰਨ ਤੌਰ ’ਤੇ ਕਾਮਯਾਬ ਬਣਾਇਆ, ਤਾਂ ਜੋ ਆਉਣ ਵਾਲੇ ਸਮੇਂ ਵਿਚ ਸਰਕਾਰ ’ ਤੇ ਦਬਾਅ ਬਣਾ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਭ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ ਹੈ। ਇਸ ਮੌਕੇ ਆਪਣੇ ਸੰਬੋਧਨ ਵਿਚ ਜਥੇ. ਸਤਨਾਮ ਸਿੰਘ ਮਨਾਵਾਂ ਨੇ ਕਿਹਾ ਕਿ ਅੱਜ ਤਾਂ ਸਿਰਫ ਅਸੀਂ ਜਾਂ ਨੌਜਵਾਨ ਸਿਰਫ ਉਨ੍ਹਾਂ ਨੂੰ ਜਾਇਜ਼ ਛੁੱਟੀ ਦੇਣ ਦੀ ਮੰਗ ਕਰ ਰਹੇ ਹਾਂ, ਪਰ ਜੇ ਸਰਕਾਰ ਨੇ ਹੁਣ ਵੀ ਆਪਣੇ ਤਾਨਾਸ਼ਾਹੀ ਵਾਲਾ ਰਵੱਈਆ ਨਾ ਬਦਲਿਆ ਅਤੇ ਬੰਦੀ ਸਿੰਘਾਂ ਨੂੰ ਛੁੱਟੀਆਂ ਨਾ ਦਿੱਤੀਆਂ ਤਾਂ ਹੁਣ ਸਮਾਂ ਆਵੇਗਾ ਕਿ ਲੋਕ ਉਨ੍ਹਾਂ ਦੀ ਰਿਹਾਈ ਦੀ ਗੱਲ ਕਰਨਗੇ ਅਤੇ ਇਕ ਵੱਡਾ ਅੰਦੋਲਨ ਛੇੜੇਗਾ। ਇਸ ਮੌਕੇ ਵਾਰਸ ਪੰਜਾਬ ਦੇ ਪਾਰਟੀ ਦੇ ਆਗੂ ਨਰਿੰਦਰ ਸਿੰਘ ਕਲਸੀਆਂ, ਦਿਲਬਾਗ ਸਿੰਘ ਕਾਜੀਚੱਕ, ਗੁਰਵਿੰਦਰ ਸਿੰਘ ਬਲੇਰ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। ਖਡੂਰ ਸਾਹਿਬ ਦਾ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਿਹਾ ਖਡੂਰ ਸਾਹਿਬ, ( ਰਸ਼ਪਾਲ ਸਿੰਘ ਕੁਲਾਰ)-ਇਨਸਾਫ਼ ਮੋਰਚੇ ਵਲੋਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਕਸਬਾ ਖਡੂਰ ਸਾਹਿਬ ਵਿਖੇ ਭਰਵਾਂ ਹੁੰਗਾਰਾ ਮਿਲਿਆ। ਬੰਦ ਦੇ ਸੱਦੇ ਤਹਿਤ ਕਸਬੇ ਦੇ ਸਮੂਹ ਬਾਜ਼ਾਰ ਦਿਨ ਭਰ ਬੰਦ ਰਹੇ। ਸਵੇਰ ਤੋਂ ਹੀ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਬਾਜ਼ਾਰ ’ਚ ਸੁੰਨਸਾਨ ਛਾਈ ਰਹੀ। ਬੰਦ ਦਾ ਅਸਰ ਆਵਾਜਾਈ ਉਪਰ ਵੀ ਸਾਫ਼ ਤੌਰ ’ਤੇ ਦੇਖਣ ਨੂੰ ਮਿਲਿਆ। ਸੜਕਾਂ ’ਤੇ ਆਵਾਜਾਈ ਆਮ ਦਿਨਾਂ ਨਾਲੋਂ ਬਹੁਤ ਘੱਟ ਰਹੀ। ਪ੍ਰਾਈਵੇਟ ਸਕੂਲ ਅਤੇ ਪ੍ਰਾਈਵੇਟ ਬੱਸਾਂ ਵੀ ਕਾਫੀ ਹੱਦ ਤੱਕ ਬੰਦ ਰਹੀਆਂ, ਜਿਸ ਕਾਰਨ ਵਿਦਿਆਰਥੀਆਂ ਅਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂਕਿ ਪੰਜਾਬ ਬੰਦ ਦਾ ਸੱਦਾ ਪੂਰੀ ਤਰ੍ਹਾਂ ਸਫ਼ਲ ਅਤੇ ਸ਼ਾਂਤਮਈ ਰਿਹਾ। ਖਾਲੜਾ ਦਾ ਬਾਜ਼ਾਰ ਬੰਦ ਰਿਹਾ ਖਾਲੜਾ, (ਜੱਜਪਾਲ ਸਿੰਘ ਜੱਜ)-ਕੌਮੀ ਇਨਸਾਫ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਤਹਿਤ ਕਸਬਾ ਖਾਲੜਾ ਦਾ ਬਾਜ਼ਾਰ ਬੰਦ ਰਿਹਾ। ਦੱਸਣਯੋਗ ਹੈ ਕਿ ਕੌਮੀ ਇਨਸਾਫ ਮੋਰਚੇ ਵਲੋਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਤਹਿਤ ਖਾਲੜਾ ਵਿਚ ਜ਼ਰੂਰੀ ਵਸਤਾਂ, ਜਿਸ ’ਚ ਮੈਡੀਕਲ ਸਟੋਰ, ਸਬਜ਼ੀਆਂ ਦੀਆਂ ਦੁਕਾਨਾਂ ਨੂੰ ਛੱਡ ਕੇ ਦੂਜੀਆਂ ਦੁਕਾਨਾਂ ਪੂਰਨ ਤੌਰ ’ਤੇ ਬੰਦ ਰਹੀਆਂ। ਸਰਕਾਰੀ ਸਕੂਲ ਰੋਜ਼ਾਨਾ ਦੀ ਤਰ੍ਹਾਂ ਖੁੱਲ੍ਹੇ ਅਤੇ ਬੱਸਾਂ ਪੂਰਨ ਤੌਰ ’ਤੇ ਬੰਦ ਰਹੀਆਂ, ਜਿਸ ਕਾਰਨ ਸਵਾਰੀਆਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਪੱਟੀ ਸ਼ਹਿਰ ਮੁਕੰਮਲ ਬੰਦ ਰਿਹਾ ਪੱਟੀ, (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਬੰਦ ਦੇ ਸੱਦੇ ’ਤੇ ਪੱਟੀ ਸ਼ਹਿਰ ਵਿਚ ਪੂਰਨ ਸਮਰਥਨ ਮਿਲਿਆ, ਜਿਸ ਦੌਰਾਨ ਸਾਰਾ ਬਾਜ਼ਾਰ, ਸਕੂਲ ਤੇ ਬੱਸਾਂ ਬੰਦ ਰਹੀਆਂ। ਇਸ ਬੰਦ ਦੇ ਸੱਦੇ ’ਤੇ ਪੱਟੀ ਸ਼ਹਿਰ ਵਾਸੀਆਂ ਵਲੋਂ ਆਪਣੇ ਕਾਰੋਬਾਰ ਵਪਾਰਕ ਅਦਾਰੇ, ਸਕੂਲ ਤੇ ਦੁਕਾਨਾਂ ਆਦਿ ਬੰਦ ਰੱਖ ਕੇ ਬੰਦ ਦੇ ਸੱਦੇ ਨੂੰ ਪੂਰਨ ਤੌਰ ’ਤੇ ਸਮਰਥਨ ਦਿੱਤਾ। ਜਾਣਕਾਰੀ ਅਨੁਸਾਰ 6:40 ਵਜੇ ਤੱਕ ਤੜਕੇ ਦੀਆਂ ਬੱਸਾਂ ਚੱਲੀਆਂ, ਉਸ ਤੋਂ ਉਪਰੰਤ ਸਵਾਰੀਆਂ ਨਾ ਹੋਣ ਕਾਰਨ ਕੋਈ ਵੀ ਬੱਸ ਪੱਟੀ ਅੱਡੇ ਤੋਂ ਬਾਹਰ ਨਹੀਂ ਗਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਵਾਰਿਸ ਪੰਜਾਬ ਦੇ ਸੇਵਾਦਾਰ ਹਲਕਾ ਪੱਟੀ ਦਲਜੀਤ ਸਿੰਘ ਜਵੰਦਾ, ਭਾਈ ਸਤਨਾਮ ਸਿੰਘ ਪੱਟੀ ਦੀ ਅਗਵਾਈ ਹੇਠ ਸ਼ਹਿਰ ਵਿਚ ਮਾਰਚ ਕੱਢਿਆ ਗਿਆ, ਜੋ ਕਿ ਗੁਰਦਆਰਾ ਬੀਬੀ ਰਜਨੀ ਞਿਖੇ ਅਰਦਾਸ ਕਰਨ ਉਪਰੰਤ ਸ਼ਹਿਰ ਵਿਚ ਮਾਰਚ ਕਰਦਿਆਂ ਗੁਰਦਆਰਾ ਭੱਠ ਸਾਹਿਬ ਪੱਟੀ ਵਿਖੇ ਸਮਾਪਤ ਹੋਇਆ। ਇਸ ਮੌਕੇ ਦਲਜੀਤ ਸਿੰਘ ਜਵੰਦਾ ਤੇ ਭਾਈ ਸਤਨਾਮ ਸਿੰਘ ਨੇ ਕਿਹਾ ਜੇਲ੍ਹਾਂ ਵਿਚ ਬੰਦ ਬੰਦੀ ਸਿੰਘ ਲੰਮੇ ਸਮੇ ਤੋਂ ਬੰਦ ਹਨ, ਜਿਨ੍ਹਾਂ ਨੇ ਆਪਣੀਆ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਹਨ। ਸਮੇਂ ਦੀਆ ਸਰਕਾਰਾਂ ਜਾਣਬੁੱਝ ਕੇ ਉਨ੍ਹਾਂ ਨੂੰ ਰਿਹਾਅ ਨਹੀਂ ਕਰ ਰਹੀਆਂ। ਉਨ੍ਹਾਂ ਕੇਂਦਰ ਸਰਕਾਰ ਤੋ ਮੰਗ ਕੀਤੀ ਕਿ ਬੰਦੀ ਸਿੰਘਾ ਨੂੰ ਤੁਰੰਤ ਬਿਨਾ ਸ਼ਰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿਚ ਨਾਅਰੇ ਲਗਾਏ ਗਏ। ਇਸ ਮੌਕੇ ਦਲਜੀਤ ਸਿੰਘ ਜਵੰਦਾ, ਬਾਬਾ ਸਤਨਾਮ ਸਿੰਘ ਪੱਟੀ, ਪ੍ਰਮਿੰਦਰ ਸਿੰਘ ਬੁਰਜ, ਡਾ. ਜੋਗਾ ਸਿੰਘ, ਜਗਦੀਸ਼ ਸਿੰਘ, ਰੇਸ਼ਮ ਸਿੰਘ, ਗੁਰਬੀਰ ਸਿੰਘ, ਬਲਬੀਰ ਸਿੰਘ, ਬਾਬਾ ਮਾਣ ਸਿੰਘ, ਭੁਪਿੰਦਰ ਸਿੰਘ ਤੂਤ, ਜਸਪਾਲ ਸਿੰਘ, ਯੂਥ ਪ੍ਰਧਾਨ ਸਰਤਾਜ ਸਿੰਘ, ਸਰਵਣ ਸਿੰਘ, ਗੁਰਪ੍ਰੀਤ ਸਿੰਘ, ਕਿਰਪਾਲ ਸਿੰਘ, ਦਲਜੀਤ ਸਿੰਘ ਸ਼ਾਮਿਲ ਸਨ। ਫਤਿਆਬਾਦ ਵਿਖੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਫਤਿਆਬਾਦ, (ਹਰਵਿੰਦਰ ਸਿੰਘ ਧੂੰਦਾ)-ਕੌਮੀ ਇਨਸਾਫ ਮੋਰਚੇ ਵਲੋਂ 21 ਅਗਸਤ ਨੂੰ ਦਿੱਤੇ ਗਏ 7 ਵਜੇ ਤੋਂ ਲੈ ਕੇ ਦੋ ਵਜੇ ਤੱਕ ਦਿਤੇ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਕਸਬਾ ਫਤਿਆਬਾਦ ਦੇ ਮੁੱਖ ਬਾਜ਼ਾਰ ਤੋਂ ਇਲਾਵਾ ਅੰਦਰਲਾ ਬਾਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਰਿਹਾ। ਜ਼ਿਕਰਯੋਗ ਹੈ ਕਿ ਕਸਬਾ ਫਤਿਆਬਾਦ ਵਿਚ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ, ਜਿਸ ਦੇ ਕਾਰਨ ਵੀ ਦੁਕਾਨਦਾਰਾਂ ਵਲੋਂ ਦੁਕਾਨਾਂ ਬੰਦ ਰੱਖੀਆਂ ਗਈਆਂ। ਬੰਦ ਦੇ ਸੱਦੇ ਨੂੰ ਸਰਹੱਦੀ ਇਲਾਕੇ ’ਚ ਮਿਲਿਆ ਬਹੁਤ ਭਰਵਾਂ ਹੰਗਾਰਾ ਖੇਮਕਰਨ, (ਰਾਕੇਸ਼ ਕੁਮਾਰ ਬਿੱਲਾ)-ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਰਹੱਦੀ ਇਲਾਕੇ ’ਚ ਭਰਵਾਂ ਹੰਗਾਰਾ ਮਿਲਿਆ ਹੈ। ਅੱਜ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਖੇਮਕਰਨ, ਵਲਟੋਹਾ, ਅਮਰਕੋਟ, ਅਲਗੋਂ ਕੋਠੀ ਤੇ ਘਰਿਆਲਾ ਆਦਿ ’ਚ ਬਾਜ਼ਾਰਾਂ ’ਚ ਦੁਕਾਨਾਂ ਬੰਦ ਰਹੀਆਂ। ਇਥੋਂ ਤੱਕ ਕਿ ਰੇਹੜੀ ਵੀ ਲੱਗੀ ਕਿੱਤੇ ਨਜ਼ਰ ਨਹੀਂ ਆਈ। ਸੜਕੀ ਆਵਾਜਾਈ ਵੀ ਠੱਪ ਰਹਿਣ ਕਰਕੇ ਸੜਕਾਂ ਵੀ ਸੁੰਨਸਾਨ ਨਜ਼ਰ ਆ ਰਹੀਆਂ ਸਨ। ਖੇਮਕਰਨ ਤੋਂ ਅੰਮ੍ਰਿਤਸਰ ਤੇ ਪੱਟੀ ਨੂੰ ਜਾਣ ਵਾਲੀਆਂ ਮੁੱਖ ਸੜਕਾਂ ਤੇ ਕੋਈ ਬੱਸ ਜਾਂ ਹੋਰ ਨਿੱਜੀ ਵਹੀਕਲ ਵੀ ਨਜ਼ਰ ਨਹੀਂ ਆਇਆ। ਕਸਬਿਆਂ ਤੇ ਪਿੰਡਾਂ ਦੇ ਅੱਡਿਆਂ ’ਤੇ ਸਿਰਫ਼ ਮੈਡੀਕਲ ਸਟੋਰ ਜਾਂ ਸਬਜ਼ੀ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਨਜ਼ਰ ਆਈਆਂ। ਬਾਕੀ ਸਭ ਦੁਕਾਨਾਂ ਬੰਦ ਸਨ। ਇਸੇ ਦੌਰਾਨ ਪੰਥਕ ਆਗੂ ਜਥੇ. ਸਤਨਾਮ ਸਿੰਘ ਮਨਾਵਾ, ਬਾਬਾ ਸੱਜਣ ਸਿੰਘ ਵਾੜਾ ਸ਼ੇਰ ਸਿੰਘ, ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਗਟ ਸਿੰਘ ਮਹਿੰਦੀਪੁਰ ਤੇ ਜਥੇ. ਕਿੱਕਰ ਸਿੰਘ ਚੱਠੂ ਆਦਿ ਨੇ ਸਾਥੀਆ ਸਮੇਤ ਵੱਖ-ਵੱਖ ਕਸਬਿਆਂ ਦਾ ਦੋਰਾ ਕੀਤਾ ਤੇ ਬੰਦ ਦਾ ਜਾਇਜ਼ਾ ਲੈਂਦਿਆਂ ਮੁਕੰਮਲ ਹੜਤਾਲ ਰਹਿਣ ਦਾ ਦਾਅਵਾ ਕਰਦੇ ਹੋਏ ਸਮੂਹ ਦੁਕਾਨਦਾਰਾਂ, ਕਾਰੋਬਾਰੀਆਂ ਤੇ ਯੂਨੀਅਨਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਸਦਕਾ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਅੱਜ ਤਕੜਾ ਬਲ ਮਿਲਿਆ ਹੈ। ਇਸ ਬੰਦ ਦੌਰਾਨ ਪੰਜਾਬ ਪੁਲਿਸ ਦੇ ਜਵਾਨ ਵੀ ਸਰਗਰਮ ਨਜ਼ਰ ਆਏ। ਇਲਾਕੇ ਦੇ ਕਸਬਿਆਂ ਤੇ ਪਿੰਡਾਂ ਦੇ ਬਾਜ਼ਾਰਾਂ ਤੇ ਅੱਡਿਆਂ ’ਤੇ ਜਵਾਨ ਤਾਇਨਾਤ ਰਹੇ। ਥਾਣਾ ਮੁਖੀ ਖੇਮਕਰਨ ਇੰਸ. ਕੰਵਲਜੀਤ ਰਾਏ ਖੁਦ ਜਵਾਨਾਂ ਨਾਲ ਗਸ਼ਤ ਕਰਦੇ ਨਜ਼ਰ ਆਏ। ਇਸ ਤਰ੍ਹਾਂ ਬੰਦ ਦਾ ਪ੍ਰੋਗਰਾਮ ਸ਼ਾਂਤੀ ਨਾਲ ਨੇਪਰੇ ਚੜ ਗਿਆ। ਇਸ ਮੌਕੇ ਭਾਈ ਗੁਰਭੇਜ ਸਿੰਘ ਭੈਣੀ ਮੱਸਾ ਸਿੰਘ, ਭਾਈ ਸੁਖਦੇਵ ਸਿੰਘ ਵਾੜਾ ਤੇਲੀਆ, ਬਾਬਾ ਦਿਆ ਸਿੰਘ, ਮੇਜਰ ਸਿੰਘ ਨੰਬਰਦਾਰ, ਗੁਰਦੇਵ ਸਿੰਘ ਫੱਕੜ, ਚਾਨਣ ਸਿੰਘ, ਹਰਜਿੰਦਰ ਸਿੰਘ ਬਿੱਟੂ, ਹੀਰਾ ਸਿੰਘ ਖੇਮਕਰਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ‘ਵਿਸ਼ਵ ਉੱਦਮੀ ਦਿਵਸ’ ਮੌਕੇ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਅਤੇ ਪਿਸਟਲ ਸਮੇਤ 6 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ
Ad Position 24