ਕੰਪਿਊਟਰ ਅਧਿਆਪਕ ਕਰਨਗੇ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ
ਤਰਨ ਤਾਰਨ, 28 ਅਕਤੂਬਰ (ਇਕਬਾਲ ਸਿੰਘ ਸੋਢੀ)-ਸੰਗਰੂਰ ਡੀ. ਸੀ.
ਤਰਨ ਤਾਰਨ, 28 ਅਕਤੂਬਰ (ਇਕਬਾਲ ਸਿੰਘ ਸੋਢੀ)-ਸੰਗਰੂਰ ਡੀ.ਸੀ. ਦਫਤਰ ਦੇ ਬਾਹਰ ਪਿਛਲੇ 38 ਦਿਨ ਤੋਂ ਪੱਕੇ ਧਰਨੇ ’ਤੇ ਬੈਠੇ ਕੰਪਿਊਟਰ ਅਧਿਆਪਕਾਂ ਦੀ ਅਜੇ ਵੀ ਪੰਜਾਬ ਸਰਕਾਰ ਵਲੋਂ ਕੋਈ ਸਾਰ ਨਹੀਂ ਲਈ ਜਾ ਰਹੀ ਹੈ, ਜਿਸ ਕਰਕੇ ਮਜ਼ਬੂਰਨ ਜਥੇਬੰਦੀ ਦੇ ਆਗੂਆਂ ਨੇ ਆਰ-ਪਾਰ ਦੀ ਜੰਗ ਦਾ ਐਲਾਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ 30 ਅਕਤੂਬਰ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਉਹ 1 ਨਵੰਬਰ ਨੂੰ ਸੰਗਰੂਰ ਵਿੱਤ ਮੰਤਰੀ ਦੀ ਰਿਹਾਇਸ ਤੋਂ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਤੱਕ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਫਿਰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਕੇ ਦਿਨ-ਰਾਤ ਦਾ ਪੱਕਾ ਮੋਰਚਾ ਉਥੇ ਹੀ ਚਲਾਇਆ ਜਾਵੇਗਾ । ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਨੇ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਲਗਾਤਾਰ ਹੋ ਰਹੀ ਅਣਦੇਖੀ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜੇ ਸਰਕਾਰ ਅਜੇ ਵੀ ਕੰਪਿਊਟਰ ਅਧਿਆਪਕਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦੇਵੇਗੀ ਤਾਂ 1 ਨਵੰਬਰ ਦੀ ਰੈਲੀ ਵਿਚ ਤਰਨ ਤਾਰਨ ਜ਼ਿਲ੍ਹੇ ਵਲੋਂ ਭਰਵੀਂ ਗਿਣਤੀ ਵਿਚ ਸ਼ਾਮਿਲ ਹੋਣਗੇ ਅਤੇ 8 ਨਵੰਬਰ ਦੀਵਾਲੀ ਦੇ ਮੌਕੇ ਤੱਕ ਧੂਰੀ ਮੁੱਖ ਮੰਤਰੀ ਦੇ ਹਲਕੇ, ਦਿੜ੍ਹਬਾ ਵਿੱਤ ਮੰਤਰੀ ਦੇ ਹਲਕੇ ਤੇ ਸੁਨਾਮ ਪੰਜਾਬ ਪ੍ਰਧਾਨ ਦੇ ਹਲਕੇ ਅਤੇ ਸਿੱਖਿਆ ਮੰਤਰੀ ਦੇ ਗੰਭੀਰਪੁਰ ਹਲਕੇ ਵਿੱਚ ਲੜੀਵਾਰ ਐਕਸ਼ਨ ਉਲੀਕੇ ਜਾਣਗੇ। ਇਸ ਮੌਕੇ ਜ਼ਿਲ੍ਹਾਂ ਪ੍ਰਧਾਨ ਸ਼ੀਤਲ ਸਿੰਘ, ਸਟੇਟ ਕਮਟੀ ਮੈਂਬਰ ਰਾਖੀ ਮੰਨਣ, ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਸਿੰਘ ਮੁੰਡਾਪਿੰਡ, ਹਰਜਿੰਦਰ ਕੌਰ, ਸੰਦੀਪ ਕੌਰ, ਜਸਪਾਲ ਸਿੰਘ, ਤੇਜਿੰਦਰ ਸਿੰਘ, ਰੁਪਿੰਦਰ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਰਾਜਦਵਿੰਦਰ ਸਿੰਘ, ਜਸਪ੍ਰੀਤ ਸਿੰਘ, ਅਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਧੂੰਦਾ ਆਦਿ ਹਾਜ਼ਰ ਸਨ|