ਤਰਨ ਤਾਰਨ, 24 ਜਨਵਰੀ (ਇਕਬਾਲ ਸਿੰਘ ਸੋਢੀ)- ਮਮਤਾ ਨਿਕੇਤਨ ਸਕੂਲ ਤਰਨ ਤਾਰਨ ਵਿਖੇ ਹਰ ਦਿਨ ਤਿਉਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਸੰਤ ਪੰਚਮੀ ਦੇ ਸ਼ੁੱਭ ਦਿਹਾੜੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨਾਂ ਵਿਚ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ | ਬੱਚਿਆਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ | ਇਸਦੇ ਨਾਲ ਹੀ ਛੋਟੇ-ਛੋਟੇ ਬੱਚਿਆਂ ਦੁਆਰਾ ਬਸੰਤ ਨਾਲ ਸੰਬੰਧਿਤ ਵੱਖ-ਵੱਖ ਗੀਤਾਂ ਤੇ ਆਕਰਸ਼ਕ ਨਾਚ ਪੇਸ਼ ਕੀਤੇ ਗਏ | ਇਸ ਤੋਂ ਇਲਾਵਾ ਬੱਚੇ ਪੀਲੀਆਂ ਪੋਸ਼ਾਕਾਂ ਵਿਚ ਸੱਜ ਕੇ ਆਏ ਅਤੇ ਉਨ੍ਹਾਂ ਦੁਆਰਾ ਪੀਲੇ ਰੰਗ ਦੇ ਵੱਖ-ਵੱਖ ਪਕਵਾਨ ਲਿਆਂਦੇ ਗਏ | ਬੱਚਿਆਂ ਦੁਆਰਾ ਰੰਗ ਬਿਰੰਗੀਆਂ ਪਤੰਗਾਂ ਅਤੇ ਫੁੱਲ ਬਣਾਏ ਗਏ ਅਤੇ ਸਲੋਗਨ ਲੇਖਨ ਤੇ ਲੇਖ ਰਚਨਾ ਆਦਿ ਮੁਕਾਬਲੇ ਵੀ ਕਰਵਾਏ ਗਏ | ਇਸ ਤਰ੍ਹਾਂ ਉਹਨਾਂ ਦੁਆਰਾ ਇਸ ਤਿਉਹਾਰ ਦਾ ਖੂਬ ਆਨੰਦ ਮਾਣਿਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਗੁਰਚਰਨ ਕੌਰ ਦੁਆਰਾ ਬੱਚਿਆਂ ਦੀ ਪ੍ਰਤਿਭਾ ਦੇਖ ਕੇ ਪ੍ਰਸੰਨਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਤਿਉਹਾਰ ਬਦਲਦੇ ਸੁਹਾਵਣੇ ਮੌਸਮ ਵਾਂਗ ਸਭ ਲਈ ਜੀਵਨ ਦੇ ਨਵੇਂਪਣ ਅਤੇ ਸੁੱਖ ਸਮਿ੍ਤੀ ਦਾ ਪ੍ਰਤੀਕ ਹੈ | ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸੇ ਦਿਨ ਹੀ ਬਾਲ ਹਕੀਕਤ ਰਾਏ ਧਰਮੀ ਨੂੰ ਆਪਣੇ ਧਰਮ ਪ੍ਰਤੀ ਪੱਕਾ ਰਹਿਣ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਠੰਡੀ-ਮਿੱਠੀ ਰੁੱਤ ਦਾ ਆਨੰਦ ਮਾਣਦੇ ਹੋਏ ਆਪਸ ਵਿੱਚ ਰਲ ਮਿਲ ਕੇ ਰਹਿਣ ਦੀ ਪ੍ਰੇਰਨਾ ਦਿੱਤੀ |