ਤਰਨ ਤਾਰਨ, 31 ਜਨਵਰੀ (ਹਰਿੰਦਰ ਸਿੰਘ)- ਆਜ਼ਾਦ ਸਹਿਤਾ ਕੇਂਦਰ ਵਲੋਂ ਸਾਲ 2023 ਤੋਂ ਲਗਾਤਾਰ ਨਸ਼ਿਆਂ ਖਿਲਾਫ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਉਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਮੁਹਿੰਮ ਦੀ ਅਗਵਾੲਈ ਮਿਸ਼ਨ ਆਜ਼ਾਦ ਹੈਲਪ ਆਰਗੇਨਾਈਜੇਸ਼ਨ ਪੰਜਾਬ ਦੇ ਚੇਅਰਮੈਨ ਜਸਵੰਤ ਸਿੰਘ ਸੋਹਲ ਵਲੋਂ ਕੀਤੀ ਜਾ ਰਹੀ ਹੈ | ਚੇਅਰਮੈਨ ਜਸਵੰਤ ਸਿੰਘ ਸੋਹਲ ਪਿਛਲੇ ਲੰਮੇ ਸਮੇਂ ਤੋਂ ਨਿਰਪੱਖਤਾ, ਇਨਸਾਫ਼ ਅਤੇ ਸਮਾਜ ਸੇਵਾ ਦੇ ਰਾਹ 'ਤੇ ਤੁਰਦੇ ਹੋਏ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਥਾਹ ਯਤਨ ਕਰ ਰਹੇ ਹਨ | ਉਹ ਨੌਜਵਾਨਾਂ ਨੂੰ ਮੁਫਤ ਆਰਮੀ ਟ੍ਰੇਨਿੰਗ, ਸਕਿੱਲ ਅਤੇ ਅਨੁਸ਼ਾਸਨ ਭਰੀ ਜਿੰਦਗੀ ਵੱਲ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਸਹੀ ਦਿਸ਼ਾ ਅਤੇ ਦਿਸ਼ਾ ਦੇ ਰਹੇ ਹਨ | ਅੱਜ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਮਿਸ਼ਨ ਆਜ਼ਾਦ ਹੈਲਪ ਆਰਗੇਨਾਈਜੇਸ਼ਨ ਹਰ ਮਾਂ ਦੇ ਨੌਜਵਾਨ ਪੁੱਤਰ ਲਈ ਇਕਸਹਾਰਾ ਬਣ ਕੇ ਉਭਰੀ ਹੈ | ਗਣਤੰਤਰ ਦਿਵਸ ਮੌਕੇ ਚੇਅਰਮੈਨ ਜਸਵੰਤ ਸਿੰਘ ਸੋਹਲ ਨੂੰ ਸਮਾਜ ਸੇਵਾ ਦੇ ਕੰਮਾਂ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਅਤੇ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਸਵੰਤ ਸਿੰਘ ਸੋਹਲ ਨੇ ਕਿਹਾ ਕਿ ਉਨ੍ਹਾਂ ਨੂੰ ਸਨਮਾਨ ਮਿਲਣ 'ਤੇ ਬਹੁਤ ਖੁਸ਼ੀ ਹੋ ਰਹੀ ਹੈ ਅਤੇ ਉਨ੍ਹਾਂ ਦੀ ਟੀਮ ਵਲੋਂ ਚਲਾਈ ਜਾ ਰਹੀ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ |