ਤਰਨ ਤਾਰਨ, 1 ਫਰਵਰੀ (ਹਰਿੰਦਰ ਸਿੰਘ)-ਬੀਤੇ ਦਿਨੀਂ ਦੋ ਕਾਰਾਂ ਦੇ ਆਪਸ ਵਿਚ ਟਕਰਾਉਣ ਨਾਲ ਹੋਏ ਝਗੜੇ ਦੌਰਾਨ ਇਕ ਧਿਰ ਵਲੋਂ ਚਲਾਈ ਗੋਲੀ ਨਾਲ ਕਾਰ ਵਿਚ ਬੈਠਾ ਇਕ ਵਿਅਕਤੀ ਜ਼ਖ਼ਮੀ ਹੋ ਗਿਆ | ਥਾਣਾ ਝਬਾਲ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਸਰਬਰਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮੰਨਣ ਨੇ ਦੱਸਿਆ ਕਿ ਮਿਤੀ 29 ਜਨਵਰੀ ਨੂੰ ਮੈਂ, ਮੇਰੇ ਪਿਤਾ ਹਰਜਿੰਦਰ ਸਿੰਘ ਅਤੇ ਮੇਰਾ ਨੌਕਰ ਰੇਸ਼ਮ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਮੰਨਣ ਪਿੰਡ ਕੱਕਾ ਕੰਡਿਆਲਾ ਤਰਨ ਤਾਰਨ ਤੋਂ ਆਪਣੀ ਥਾਰ ਗੱਡੀ ਨੰਬਰ ਪੀ.ਬੀ.08 ਸੀ.ਐਚ.0536 'ਤੇ ਪਿੰਡ ਨੂਰਦੀ ਰਾਹੀਂ ਆਪਣੇ ਪਿੰਡ ਮੰਨਣ ਤੋਂ ਹੁੰਦੇ ਹੋਏ ਆਪਣੇ ਘਰ ਜਾ ਰਹੇ ਸੀ | ਕਾਰ ਮੈਂ ਖੁਦ ਚਲਾ ਰਿਹਾ ਸੀ ਮੇਰੇ ਨਾਲ ਵਾਲੀ ਸੀਟ 'ਤੇ ਮੇਰਾ ਨੌਕਰ ਰੇਸ਼ਮ ਸਿੰਘ ਅਤੇ ਪਿਛਲੀ ਸੀਟ 'ਤੇ ਮੇਰੇ ਪਿਤਾ ਹਰਜਿੰਦਰ ਸਿੰਘ ਬੈਠੇ ਸਨ | ਜਦ ਅਸੀਂ ਅੱਡਾ ਮੰਨਣ ਗੇਟ ਨੇੜੇ੍ਹ ਪ੍ਰੀਤ ਮੈਡੀਕਲ ਸਟੋਰ ਨੇੜ੍ਹੇ ਪੁੱਜੇ ਤਾਂ ਵਕਤ ਕਰੀਬ 7:30 ਵਜੇ ਸ਼ਾਮ ਸਾਡੀ ਗੱਡੀ ਦੇ ਅੱਗੇ ਇਕ ਆਲਟੋ ਕਾਰ ਸਿਲਵਰ ਗਰੇਅ ਰੰਗ ਨੇ ਇਕਦਮ ਕਾਰ ਮੋੜ ਦਿੱਤੀ, ਜੋ ਮੇਰੀ ਗੱਡੀ ਉਸ ਕਾਰ ਦੇ ਪਿਛਲੇ ਪਾਸੇ ਖੱਬੇ ਪਾਸੇ ਵੱਜ ਗਈ | ਆਲਟੋ ਗੱਡੀ ਵਿਚ ਸਾਡੇ ਪਿੰਡ ਦਾ ਸੁਰਿੰਦਰ ਸਿੰਘ ਉਰਫ ਬੱਬਾ ਪੁੱਤਰ ਕਸ਼ਮੀਰ ਸਿੰਘ ਵਾਸੀ ਮੰਨਣ ਸੀ, ਜਿਸ ਨੇ ਗੱਡੀ ਵਿਚ ਉਤਰਦਿਆਂ ਸਾਰ ਹੀ ਮੇਰੀ ਗੱਡੀ ਵੱਲ ਪਿਸਟਲ ਨਾਲ ਫਾਇਰ ਕਰ ਦਿੱਤੇ, ਉਸ ਦੇ ਹੱਥ ਵਿਚ 2 ਪਿਸਟਲ ਸਨ | ਇਕ ਪਿਸਟਲ ਵਿਚੋਂ ਉਸਨੇ 2 ਫਾਇਰ ਮਾਰ ਦੇਣ ਦੀ ਨੀਅਤ ਨਾਲ ਸਿੱਧੇ ਮੇਰੀ ਗੱਡੀ ਵੱਲ ਕੀਤੇ, ਜਿਸ ਵਿਚੋਂ ਇਕ ਫਾਇਰ ਮੇਰੀ ਗੱਡੀ ਦੇ ਖੱਬੇ ਪਾਸੇ ਬਾਰੀ ਦੇ ਹੇਠਾਂ ਅਤੇ ਇਕ ਫਾਇਰ ਮੇਰੀ ਗੱਡੀ ਦੀ ਖੱਬੇ ਪਾਸੇ ਵਾਲੀ ਬਾਰੀ ਦੇ ਸ਼ੀਸ਼ੇ ਤੋੜ ਕੇ ਸੀਟ 'ਤੇ ਬੈਠੇ ਮੇਰੇ ਨੌਕਰ ਰੇਸ਼ਮ ਸਿੰਘ ਦੀ ਖੱਬੇ ਡੌਲੇ ਵਿਚ ਲੱਗੀ | ਇਸ ਸੰਬੰਧੀ ਏ.ਐਸ.ਆਈ. ਜਤਿੰਦਰ ਸਿੰਘ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ 'ਤੇ ਸੁਰਿੰਦਰ ਸਿੰਘ ਉਰਫ਼ ਬੱਬਾ ਵਾਸੀ ਮੰਨਣ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |