ਹਰੀਕੇ ਪੱਤਣ, 5 ਫਰਵਰੀ (ਸੰਜੀਵ ਕੁੰਦਰਾ)- ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ. ਤੇਜਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਜ਼ਿਲ੍ਹੇ ਭਰ ਦੇ ਪੀ.ਐੱਮ. ਸ੍ਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਮਿੱਟੀ ਪਰਖ ਸਬੰਧੀ ਖੋਲੀਆਂ ਜਾ ਰਹੀਆਂ ਲੈਬਾਂ ਸਬੰਧੀ ਵਿਸ਼ੇਸ਼ ਸਿਖਲਾਈ ਅਭਿਆਨ ਚਲਾਇਆ ਜਾ ਰਿਹਾ ਹੈ | ਇਸ ਅਭਿਆਨ ਤਹਿਤ ਬਲਾਕ ਖੇਤੀਬਾੜੀ ਅਫਸਰ ਪੱਟੀ ਡਾ. ਭੁਪਿੰਦਰ ਸਿੰਘ ਦੀ ਅਗਵਾਈ ਹੇਠ ਹਰਮਨਦੀਪ ਕੌਰ ਏ.ਡੀ.ਓ., ਗੁਰਬਰਿੰਦਰ ਸਿੰਘ ੲ.ੇਡੀ.ਓ., ਗੁਰਪ੍ਰੀਤ ਸਿੰਘ ਬੀ.ਟੀ.ਐੱਮ., ਪਰਮਿੰਦਰ ਕੌਰ ਏ.ਡੀ.ਓ., ਗੁਰਸਿਮਰਨ ਸਿੰਘ ਖੇਤੀ ਉਪ-ਨਿਰੀਖਕ ਅਤੇ ਨਿਸ਼ਾਨ ਸਿੰਘ ਖੇਤੀ ਉਪ-ਨਿਰੀਖਕ ਅਧਾਰਿਤ ਟੀਮ ਨੇ ਬਲਾਕ ਪੱਟੀ ਦੇ ਪੀ.ਐੱਮ.ਸ੍ਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਵਿਖੇ ਮਿੱਟੀ ਪਰਖ ਸਬੰਧੀ ਵਿਦਿਆਰਥੀਆਂ, ਵਿਦਿਆਰਥਣਾਂ ਅਤੇ ਅਧਿਆਪਕਾਂ ਨਾਲ ਤਕਨੀਕੀ ਜਾਣਕਾਰੀ ਸਾਂਝੀ ਕੀਤੀ | ਇਸ ਦੌਰਾਨ ਡਾ ਭੁਪਿੰਦਰ ਸਿੰਘ ਏ.ਓ. ਪੱਟੀ ਨੇ ਕਿਹਾ ਕਿ ਮਨੁੱਖ ਅਤੇ ਦੂਜੇ ਜੀਵਾਂ ਦੀ ਤਰ੍ਹਾਂ ਪੌਦਿਆਂ ਨੂੰ ਵੀ ਵਾਧੇ ਅਤੇ ਵਿਕਾਸ ਲਈ ਸਤੁੰਲਿਤ ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ | ਜੇਕਰ ਇਹਨਾਂ ਤੱਤਾਂ ਵਿਚੋਂ ਕਿਸੇ ਦੀ ਘਾਟ ਆ ਜਾਵੇ, ਤਾਂ ਉਸ ਨੂੰ ਉਹੀ ਤੱਤ ਪਾ ਕੇ ਪੂਰਾ ਕੀਤਾ ਜਾ ਸਕਦਾ ਹੈ | ਇਸ ਲਈ ਜਮੀਨਾਂ ਦੇ ਤੱਤਾਂ ਦੀ ਸਮਰੱਥਾ ਜਾਨਣ ਲਈ ਸਮੇਂ-ਸਮੇਂ ਤੇ ਮਿੱਟੀ ਦੀ ਪਰਖ ਕਰਾਉਣਾ ਬਹੁਤ ਜਰੂਰੀ ਹੈ | ਇਸ ਨਾਲ ਜਿੱਥੇ ਖਾਦ ਤੇ ਖਰਚਾ ਘਟਦਾ ਹੈ, ਉੱਥੇ ਸੰਤੁਲਿਤ ਖੁਰਾਕ ਮਿਲਣ ਨਾਲ ਫਸਲ ਦਾ ਵਾਧਾ ਇੱਕਸਾਰ ਹੁੰਦਾ ਹੈ ਅਤੇ ਵਧੀਆ ਝਾੜ ਮਿਲਦਾ ਹੈ | ਇਸ ਮੌਕੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਰਾਸ਼ਟਰੀ ਕਿ੍ਸ਼ੀ ਵਿਕਾਸ ਯੋਜਨਾ ਪੀ.ਐੱਮ. ਤਹਿਤ ਚੁਣੇ ਗਏ ਸਕੂਲਾਂ ਵਿਚ ਮਿੱਟੀ ਪਰਖ ਸਬੰਧੀ ਪ੍ਰਯੋਗਸ਼ਾਲਾਵਾਂ ਸਥਾਪਿਤ ਕਰਨ ਦੀ ਸਰਕਾਰ ਵਲੋਂ ਪਹਿਲ ਕਦਮੀ ਕੀਤੀ ਗਈ ਹੈ | ਇਸ ਤਹਿਤ ਵਿਦਿਆਰਥੀ ਜਿੱਥੇ ਆਪਣੇ ਅਧਿਆਪਕਾਂ ਦੀ ਨਿਗਰਾਨੀ ਵਿਚ ਆਪਣੇ ਇਲਾਕੇ ਦੀ ਮਿੱਟੀ ਪਰਖ ਕਰਕੇ ਰਿਪੋਰਟ ਕਾਰਡ ਤਿਆਰ ਕਰਨਗੇ, ਉੱਥੇ ਆਪਣੇ ਨੇੜਲੇ ਕਿਸਾਨਾਂ ਨੂੰ ਮਿੱਟੀ ਪਰਖ ਦੀ ਮਹੱਤਤਾ ਬਾਰੇ ਜਾਗਰੂਕ ਕਰ ਸਕਣਗੇ | ਇਸ ਦੌਰਾਨ ਮਾਹਿਰਾਂ ਨੇ ਮਿੱਟੀ ਪਰਖ ਦੇ ਨਮੂਨੇ ਲੈਣ ਅਤੇ ਰਿਪੋਰਟ ਕਾਰਡ ਦੀ ਤਿਆਰੀ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਲੋੜ ਨਾਲੋਂ ਘੱਟ ਖਾਦਾਂ ਦੀ ਵਰਤੋਂ ਨਾਲ ਜਿੱਥੇ ਫਸਲਾਂ ਤੋਂ ਪੂਰਾ ਝਾੜ ਨਹੀਂ ਲਿਆ ਜਾ ਸਕਦਾ, ਉੱਥੇ ਵੱਧ ਖਾਦਾਂ ਪਾ ਕੇ ਚੰਗਾ ਝਾੜ ਆਵੇਗਾ ਤੇ ਇਸ ਗੱਲ ਦੀ ਵੀ ਕੋਈ ਗਰੰਟੀ ਨਹੀਂ ਹੁੰਦੀ | ਆਮ ਤੌਰ 'ਤੇ ਜਿੰਨ੍ਹਾਂ ਫਸਲਾਂ ਵਿੱਚ ਲੋੜ ਤੋਂ ਵੱਧ ਨਾਈਟਰੋਜਨ ਪਾਈ ਜਾਂਦੀ ਹੈ, ਉਹ ਫਸਲ ਜਾਂ ਤਾਂ ਡਿੱਗ ਪੈਂਦੀ ਹੈ, ਜਾਂ ਉਸ ਵਿਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਵਧ ਜਾਂਦਾ ਹੈ, ਜਿਸ ਨਾਲ ਫਸਲ ਦਾ ਝਾੜ ਘੱਟ ਜਾਂਦਾ ਹੈ | ਇਸ ਦੌਰਾਨ ਪਿ੍ੰਸੀਪਲ ਰਣਜੀਤ ਕੌਰ, ਗਗਨਦੀਪ ਜੈਨ, ਰਮਨੀਤ ਕੌਰ, ਲੈਕਚਰਾਰ ਸੁਖਵੰਤ ਸਿੰਘ ਅਤੇ ਮੌਜੂਦ ਸਾਇੰਸ ਅਧਿਆਪਕ, ਵਿਦਿਆਰਥੀਆਂ ਅਤੇ ਫੀਲਡ ਵਰਕਰ ਗੁਰਲਾਲ ਸਿੰਘ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ |