ਤਰਨ ਤਾਰਨ, 20 ਫਰਵਰੀ (ਹਰਿੰਦਰ ਸਿੰਘ)- ਜਿਉਂ ਜਿਉਂ ਪੰਜਾਬ ਚੋਣਾਂ ਵੱਲ ਵੱਧ ਰਿਹਾ ਹੈ ਤਿਉਂ ਤਿਉਂ ਮੰਨੂਵਾਦੀਆਂ ਦੇ ਦਿੱਲੀ ਤੋਂ ਪੰਜਾਬ ਵੱਲ ਗੇੜਿਆਂ ਵਿਚ ਤੇਜੀ ਆ ਰਹੀ ਹੈ | ਇੰਨ੍ਹਾਂ ਗੇੜਿਆਂ ਨੇ ਪੰਜਾਬ ਦੀ ਚਿੰਤਾ ਵਧਾ ਦਿੱਤੀ ਹੈ ਕਿਉਂ ਕਿ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ-84 ਕਤਲੇਆਮ, ਸਿੱਖਾਂ ਦੀਆਂ ਬੰਦੀਆਂ, ਨਸ਼ਿਆਂ, ਬੇਅਦਬੀਆਂ ਕਾਰਨ ਪੰਜਾਬ ਤਾਂ ਪਹਿਲਾਂ ਹੀ ਕੁਰਲਾਅ ਰਿਹਾ ਹੈ | ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਤਵੰਤ ਸਿੰਘ ਮਾਣਕ, ਬਾਬਾ ਦਰਸ਼ਨ ਸਿੰਘ, ਵਿਰਸਾ ਸਿੰਘ ਬਹਿਲਾ, ਦਲਬੀਰ ਸਿੰਘ ਭੀਲੋਵਾਲ , ਬੌਬੀ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਫੇਰੀ ਦੌਰਾਨ ਆਰ.ਐੱਸ.ਐੱਸ. ਮੁਖੀ ਨੂੰ ਅਤੇ ਭਾਜਪਾ ਨੇ ਇੰਦਰਾ ਨਾਲ ਰਲ ਕੇ ਕਰਵਾਏ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਦਾ ਨਹੀਂ ਸਗੋਂ ਫੌਜੀ ਹਮਲੇ ਤੋਂ ਬਾਅਦ ਲੱਡੂ ਵੰਡ ਕੇ ਮਤੇ ਪਾ ਕੇ ਮਨਾਈਆਂ ਖੁਸ਼ੀਆਂ ਦਾ ਸਿੱਖ ਪੰਥ ਨੂੰ ਜਵਾਬ ਦੇਣਾ ਚਾਹੀਦਾ ਹੈ | ਇੰਨ੍ਹਾਂ ਆਗੂਆਂ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨ ਦਾ, ਬੰਦੀ ਸਿੱਖਾਂ ਦੀ ਰਿਹਾਈ ਨਾ ਕਰਨ ਦਾ ਹੀ ਨਹੀਂ, ਸਗੋਂ ਖਡੂਰ ਸਾਹਿਬ ਤੋਂ ਚੁਣੇ ਐੱਮ.ਪੀ.ਨੂੰ ਐੱਨ.ਐੱਸ.ਏ. ਲਗਾਕੇ ਡਿਬਰੂਗੜ੍ਹ ਜ਼ੇਲ੍ਹ ਵਿਚ ਬੰਦ ਕਰਨ ਦਾ ਵੀ ਜਵਾਬ ਦੇਣਾ ਚਾਹੀਦਾ ਹੈ | ਜਥੇਬੰਦੀਆਂ ਨੇ ਕਿਹਾ ਕਿ ਸਮੁੱਚੀ ਮਾਨਵਤਾ ਲਈ ਚਿੰਤਾ ਦੀ ਗੱਲ ਹੈ ਕਿ ਨਾਗਪੁਰ ਵਾਲਿਆਂ ਨੇ ਸ਼ੁਭ ਅਮਲਾਂ ਦਾ ਰਾਹ ਫੜ੍ਹਕੇ ਸੱਚੇ ਹਿੰਦੂ ਬਣਨ ਦੀ ਬਜਾਏ ਮੁਸਲਮਾਨਾਂ ਦੀ ਘਰ ਵਾਪਸੀ ਵਿਚ ਤੇਜੀ ਲਿਆਉਣ ਦਾ ਐਲਾਨ ਕਰ ਦਿੱਤਾ ਹੈ | ਮੁਸਲਮਾਨਾਂ ਦੀ ਘਰ ਵਾਪਸੀ ਦਾ ਇਹ ਐਲਾਨ ਔਰੰਗਜ਼ੇਬ ਦੀ ਵਾਪਸੀ ਦਾ ਐਲਾਨ ਲੱਗ ਰਿਹਾ ਹੈ | ਦੁਖਦਾਈ ਹੈ ਮੰਨੂਵਾਦੀਆਂ ਦੇ ਵੱਡੇ-ਵਡੇਰਿਆਂ ਵਲੋਂ ਮਜ਼ਲੂਮ ਕਸ਼ਮੀਰੀ ਪੰਡਤਾਂ ਦੀ ਬਾਂਹ ਫੜਨ ਦੀ ਬਜਾਏ, ਪਹਾੜੀ ਰਾਜਿਆਂ ਨੇ ਔਰੰਗਜ਼ੇਬ ਦਾ ਸਾਥ ਦਿੱਤਾ | ਅਕਿ੍ਤਘਣਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਦਾ ਕੋਈ ਮੁੱਲ ਨਹੀਂ ਪਾਇਆ | ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਮਾਨਵਤਾ ਦਾ ਦੁਸ਼ਮਣ ਸੰਗਠਨ ਹੈ, ਇਹ ਗਰੀਬ ਹਿੰਦੂਆਂ ਦਾ ਵੀ ਸਕਾ ਨਹੀਂ | ਇਸੇ ਕਾਰਨ ਇਹ ਆਦਿਵਾਸੀਆਂ ਦੇ ਹੋ ਰਹੇ ਝੂਠੇ ਮੁਕਾਬਲਿਆਂ ਨੂੰ ਜਾਇਜ਼ ਠਹਿਰਾਉਂਦਾ ਹੈ ਅਤੇ ਮਾਇਆਧਾਰੀ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਖਲੌਂਦਾ ਹੈ | ਉਨ੍ਹਾਂ ਕਿਹਾ ਕਿ ਧਾਰਮਿਕ ਨਫਰਤਾਂ ਦਾ ਰਾਹ ਛੱਡ ਕੇ ਨਾਗਪੁਰ ਵਾਲਿਆਂ ਨੂੰ ਘੱਟ-ਗਿਣਤੀਆਂ, ਕਿਸਾਨਾਂ, ਗਰੀਬਾਂ ਉੱਪਰ ਢਾਹੇ ਜਾ ਰਹੇ ਜ਼ੁਲਮਾਂ ਦੀ ਮੁਆਫੀ ਮੰਗਣੀ ਚਾਹੀਦੀ ਹੈ |